Type Here to Get Search Results !

Cheta (Kavita) - Prem Dharampura | New Punjabi Shayri | Punjabi Poetry | Poetry Friendship - Punjabi Kavita

ਚੇਤਾ
ਜਦੋਂ ਹੋਵੇ ਕੋਈ ਦਿਲ ਚ 
ਫਰੇਬ ਰੱਖਦਾ
ਨਫਰਤੀ ਅੱਖ ਨਾਲ 
ਮੈਨੂੰ ਤੱਕਦਾ
ਕਿਸੇ ਪਿੱਛੇ ਲੱਗ 
ਕੋਈ
ਦਿਲ ਨੂੰ ਸਤਾਉਂਦਾ ਏ
 ਓਦੋ ਸੱਚ ਜਾਣੀਂ ਸ਼ਰਮਾਂ
ਤੇਰਾ ਪਿਆਰ ਚੇਤੇ ਆਉਂਦਾ ਏ

ਹਦਕ ਕਰੇ ਕੋਈ
ਜਦੋਂ ਦਿਲਾ ਜਾਣ ਕੇ
ਹਰ ਗੱਲ ਕਰੇ ਕੋਈ
ਜਦੋਂ ਸੀਨਾ ਛਾਣ ਕੇ
ਰਵਾਉਣ ਲਈ ਮੈਨੂੰ ਕੋਈ
ਹਾਸਿਆਂ ਦਾ
ਪਾਤਰ ਬਣਾਉਂਦਾ ਏ
 ਸੱਚ ਮੁੱਚ ਓਦੋਂ
ਕਾਤਿਲ ਯਾਰ ਚੇਤੇ ਆਉਂਦਾ ਏ ।।

ਹਾਸਿਆਂ ਦਾ ਜਦੋਂ
ਦਿਲਾ ਰਾਹ ਭੁੱਲਜੇ
ਗਮਾਂ ਵਾਲੀ ਦਿਲ ਤੇ
ਹਨੇਰੀ ਝੁੱਲਜੇ
ਭੱਖੜੇ ਦੇ ਰਾਸਤੇ
ਜਦੋਂ ਵੀ ਘੇਰਾ ਪਾਉਂਦੇ ਨੇ
ਬਾਮਣ ਤੇ ਬਬਲੂ
ਬੜੇ ਈ ਯਾਦ ਆਉਂਦੇ ਨੇ
PREM DHARAMPURA

Prem Dharampura Shayri
Prem Dharampura Shayri


ਇਕੱਠੇ ਪੜ੍ਹਦਿਆਂ, ਇਕੱਠੇ ਰਹਿੰਦਿਆਂ; ਆਪਸੀ ਸਾਂਝਾਂ ਸਕੀਰੀਆਂ ਦਾ ਪੈ ਜਾਣਾ ਸੁਭਾਵਿਕ ਹੀ ਹੈ ਤੇ ਪਤਾ ਨਹੀਂ ਕਿੰਨੇ ਹੀ ਗੁਣ, ਕਿੰਨੇ ਹੀ ਔਗੁਣ ਸਾਡੇ ਆਪਸ ਵਿਚ ਮਿਲ ਜਾਂਦੇ ਹਨ ਤੇ ਅਸੀਂ ਇੱਕ ਹੋ ਜਾਂਦੇ ਹਾ।
ਜਾਂ ਫਿਰ ਇੰਝ ਕਿਹਾ ਜਾ ਸਕਦਾ ਹੈ ਕਿ ਸਾਡੀ ਜ਼ਿੰਦਗੀ ਵਿਚ ਦੋ ਚਾਰ ਦੋਸਤ ਏਦਾਂ ਦੇ ਹੁੰਦੇ ਹਨ ਕਿ ਜੋ ਸਾਡੇ ਬਹੁਤ ਹੀ ਕਰੀਬੀ ਹੁੰਦੇ ਹਨ ਤੇ ਅਸੀਂ ਓਹਨਾ ਲਈ ਆਪਣਾ ਆਪਾ ਵਾਰ ਸਕਦੇ ਹਾਂ ਤੇ ਓਹ ਵੀ ਸਾਡੇ ਲਈ ਸਭ ਕੁਝ ਕਰ ਸਕਦੇ ਹਨ। ਇਹਨਾ ਤੋਂ ਅਸੀ ਕਿਸੇ ਵੀ ਕੀਮਤ ਤੇ ਵਿਛੜਨਾ ਨਹੀਂ ਚਾਹੁੰਦੇ ਤੇ ਨਾ ਹੀ ਇਹਨਾਂ ਤੋਂ ਇਲਾਵਾ ਰਹਿਣ ਦੀ ਕੋਈ ਸੋਚੀ ਹੁੰਦੀ ਹੈ।
ਪਰ ਕਦੇ ਨਾ ਕਦੇ ਸਾਨੂੰ ਇਹਨਾ ਨਾਲੋ ਵੱਖ ਹੋਣਾ ਪੈ ਜਾਂਦਾ ਹੈ ਜਾਂ ਕਿਸੇ ਵੀ ਅਲੱਗ ਖੇਤਰ ਵਿੱਚ ਕੰਮ ਕਰਨਾ ਪੈ ਜਾਂਦਾ ਹੈ ਤਾਂ ਅਸੀਂ ਓਹਨਾ ਜੁਦਾ ਹੋਇਆ ਦੋਸਤਾਂ ਨੂੰ ਬਹੁਤ ਯਾਦ ਕਰਦੇ ਹਾਂ ਜਿਹੜੇ ਦੋ ਚਾਰ ਸਾਡੇ ਦਿਲ ਦੇ ਕਰੀਬੀ ਹੁੰਦੇ ਨੇ। 
ਅਸਲ ਵਿੱਚ ਤਾਂ ਉਹ ਹਰ ਪਲ ਹੀ ਸਾਨੂੰ ਯਾਦ ਰਹਿੰਦੇ ਹਨ ਕਿ ਕੋਈ ਖਾਸ ਪਲ ਲੱਭਣਾ ਹੀ ਨਹੀਂ ਪੈਂਦਾ ਓਹਨਾ ਨੂੰ ਯਾਦ ਕਰਨ ਦਾ ਪਰ ਜਦੋਂ ਅਸੀਂ ਕਿਤੇ ਫਸੇ ਹੁੰਨੇ ਆਂ, ਕਿਸੇ ਰੂਹ ਨੂੰ ਤੰਗ ਕਰਨ ਵਾਲਿਆਂ ਨਾਲ ਜਦੋਂ ਸਾਡਾ ਵਾਹ ਪੈ ਜਾਂਦਾ ਹੈ, ਕਿਸੇ ਨਿਰਾਦਰ ਕਰਨ ਵਾਲੇ ਨਾਲ ਵਾਹ ਪੈ ਜਾਂਦਾ ਹੈ ਤਾਂ ਇਹ ਆਦਰ ਕਰਨ ਵਾਲੇ ਬਹੁਤ ਯਾਦ ਆਉਂਦੇ ਹਨ, ਇਹ ਰੂਹ ਨੂੰ ਸਕੂਨ ਦੇਣ ਵਾਲੇ ਬਹੁਤ ਯਾਦ ਆਉਂਦੇ ਹਨ, ਇਹ ਹਰ ਪਲ ਸਾਨੂੰ ਹਸਾਉਣ ਤੇ ਹੱਸਦਾ ਵੇਖਣ ਵਾਲੇ ਯਾਦ ਆਉਂਦੇ ਹਨ।
ਜਦੋਂ ਸਾਰੇ ਹੀ ਸਾਡੇ ਲਈ ਆਪਣੇ ਮਨਾਂ ਚ ਜ਼ਹਿਰ ਭਰੀ ਫਿਰਦੇ ਹੋਣ ਤਾਂ ਪਿਆਰ ਕਰਨ ਵਾਲੇ ਤਾਂ ਆਪਣੇ ਆਪ ਹੀ ਯਾਦ ਆ ਜਾਂਦੇ ਹਨ, ਜਿਵੇਂ ਕਿ ਜੇਠ - ਹਾੜ ਦੀਆਂ ਧੁੱਪਾਂ ਵਿਚ ਸਾਨੂੰ ਛਾਂ ਦਾ ਬਹੁਤ ਪਿਆਰ ਆਉਂਦਾ ਹੈ, ਜਿਵੇਂ ਗਰਮੀਆਂ ਵਿੱਚ ਠੰਡਕ ਦੇਣ ਵਾਲੀ ਹਵਾ ਦਾ ਬੁੱਲਾ ਸਾਡੇ ਚਿਹਰੇ ਨੂੰ ਜਿੰਦਾ ਕਰਨ ਲਈ ਕਾਫੀ ਹੁੰਦਾ ਹੈ, ਬਿਲਕੁਲ ਓਸ ਤਰਾਂ ਹੀ ਜਦੋਂ ਸਾਨੂੰ ਸਾਰੇ ਹੀ ਦੁਖੀ ਦੇਖਣਾ ਚਾਹੁੰਦੇ ਹੋਣ ਤਾਂ ਸਾਨੂੰ ਖੁਸ਼ ਦੇਖਣ ਵਾਲੇ ਆਪਣੇ ਆਪ ਹੀ ਯਾਦ ਆ ਜਾਂਦੇ ਹਨ। ਜਿਵੇਂ ਕਿ ਕਹਿੰਦੇ ਹਨ ਕਿ ਜਿੱਤਣ ਦਾ ਮਜ਼ਾ ਓਦੋਂ ਸਭ ਤੋਂ ਜਿਆਦਾ ਆਉਂਦਾ ਹੈ ਜਦੋਂ ਕਿ ਸਾਰੇ ਹੀ ਲੋਕ ਤੁਹਾਨੂੰ ਹਾਰਦਾ ਦੇਖਣਾ ਚਾਹੁੰਦੇ ਹੋਣ ਜਾਂ ਤੁਹਾਨੂੰ ਹਰਾਉਣ ਤੇ ਲੱਗੇ ਹੋਣ ਇਸੀ ਤਰਾਂ ਹੀ ਸਾਨੂੰ ਓਹ ਸਾਥ ਓਸ ਵੇਲੇ ਲੋੜੀਂਦਾ ਹੁੰਦਾ ਹੈ ਜਦੋਂ ਸਾਰੇ ਹੀ ਨਫਰਤ ਵੰਡਣ ਵਾਲੇ ਸਾਡੇ ਇਰਦ ਗਿਰਦ ਹੋਣ।
ਜਦੋਂ ਸਾਨੂੰ ਅੱਗੇ ਜਾ ਕੇ ਸਾਰੇ ਹੀ ਹਦਕ ਕਰਨ ਵਾਲੇ ਟੱਕਰ ਜਾਂਦੇ ਹਨ, ਸਾਰੇ ਹੀ ਕੌੜਾ ਬੋਲਣ ਵਾਲੇ ਟੱਕਰ ਜਾਣ, ਸਾਰੇ ਹੀ ਸੀਨੇ ਨੂੰ ਸਾੜਨ ਵਾਲੀਆਂ ਗੱਲਾਂ ਕਰਨ ਵਾਲੇ ਟੱਕਰ ਜਾਣ ਤਾਂ ਫਿਰ ਗਲ ਨਾਲ ਲਾਉਣ ਵਾਲਿਆਂ ਦਾ ਚੇਤਾ ਕਿਉਂ ਨਾ ਆਵੇ, ਕਿਉ ਨਾ ਚੇਤਾ ਆਵੇ ਹਰ ਇਕ ਗੱਲ ਤੇ ਤਾਰੀਫ਼ ਕਰਨ ਵਾਲਿਆਂ ਦਾ, ਕਿਉ ਨਾ ਚੇਤਾ ਆਵੇ ਸਾਡੇ ਪਿਛੇ ਖੜੇ ਹੋਣ ਵਾਲਿਆਂ ਦਾ, ਕਿਉਂ ਨਾ ਚੇਤਾ ਆਵੇ ਸਾਡੀ ਆਈ ਮਰਨ ਵਾਲਿਆਂ ਦਾ। ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਅਜਿਹੀਆਂ ਰੂਹਾਂ ਨੂੰ ਜੋ ਹਰ ਪਲ ਸਾਡੇ ਨਾਲ ਨਿਭੀਆਂ ਹੋਣ, ਜੋ ਸਾਡੇ ਕਰੀਬੀ ਹੋਣ, ਵੈਸੇ ਤਾਂ ਇਹ ਜ਼ਮਾਨਾ ਸਾਨੂੰ ਭੁੱਲਣ ਦਿੰਦਾ ਹੀ ਨਹੀਂ ਕਿਉਂਕਿ ਹਰ ਵਕਤ ਜਦੋਂ ਕੋਈ ਨਾ ਕੋਈ ਨਵਾਂ ਆ ਕੇ ਜਦੋਂ ਤਕਲੀਫ਼ ਦਿੰਦਾ ਹੈ ਤਾਂ ਉਹ ਸਾਡੇ ਇਹਨਾ ਪਿਆਰਿਆਂ ਨੂੰ ਚੇਤੇ ਕਰਵਾ ਹੀ ਦਿੰਦਾ ਹੈ। ਜਿਵੇਂ ਕਿ ਕਿਸੇ ਵੀ ਤਕਲੀਫ਼ ਚ ਫਸੇ ਇਨਸਾਨ ਦੇ ਮੂੰਹੋਂ ਪਹਿਲਾ ਸ਼ਬਦ "ਮਾਂ" ਹੀ ਨਿਕਲਦਾ ਹੈ ਬਿਲਕੁਲ ਓਸ ਤਰਾਂ ਹੀ ਹਰ ਤਕਲੀਫ਼ ਚ ਸਾਨੂੰ ਆਪਣੇ ਪਿਆਰੇ ਜਰੂਰ ਯਾਦ ਆਉਂਦੇ ਹੀ ਹਨ।
ਜਦੋਂ ਜਦੋਂ ਵੀ ਸਾਨੂੰ ਹਾਸਿਆਂ ਦੀ ਥੋੜ੍ਹ ਜਿਹੀ ਪੈਂਦੀ ਹੈ ਜਾਂ ਜਦੋਂ ਜਦੋਂ ਵੀ ਅਸੀਂ ਕਿਸੇ ਗਮ ਚ ਹੁੰਦੇ ਹਾ, ਜਦੋਂ ਜਦੋਂ ਵੀ ਇਹ ਜ਼ਮਾਨੇ ਦੇ ਗਮ ਭੱਖੜੇ ਦੇ ਕੰਡਿਆਂ ਵਾਂਗੂ ਸਾਡਾ ਰਾਸਤਾ ਘੇਰ ਲੈਂਦੇ ਹਨ ਤਾਂ ਸਾਨੂੰ ਓਹ ਫੁੱਲਾਂ ਵਾਲੇ ਰਸਤੇ ਜਰੂਰ ਯਾਦ ਆਉਂਦੇ ਹਨ ਜਿਨ੍ਹਾਂ ਫੁੱਲਾਂ ਨੂੰ ਸਾਡੇ ਆਪਣਿਆਂ ਨੇ ਸਿੰਜਿਆ ਹੁੰਦਾ ਹੈ।
ਇਹ ਆਪਣੇ ਤਾਂ ਆਪਣੇ ਹੀ ਹੁੰਦੇ ਨੇ ਜਨਾਬ, ਕਦੇ ਭੁੱਲਦੇ ਹੀ ਨਹੀਂ ਸਾਨੂੰ। ਸਗੋਂ ਸਮੇਂ ਦੇ ਨਾਲ ਇਹਨਾ ਦਾ ਪਰਛਾਵਾਂ ਹੋਰ ਗੂੜ੍ਹਾ ਹੁੰਦਾ ਜਾਂਦਾ ਹੈ ਤੇ ਇਹ ਪਰਛਾਵਾਂ ਬਿਨਾ ਧੁੱਪ (ਦੁੱਖ ਤਕਲੀਫ਼) ਤੋਂ ਵੀ ਸਾਡੇ ਨਾਲ ਰਹਿੰਦਾ ਹੈ ਪਰ ਧੁੱਪ ਵਿਚ ਕੁਝ ਜਿਆਦਾ ਗੂੜ੍ਹਾ ਜਰੂਰ ਹੋ ਜਾਂਦਾ ਹੈ।
ਧੰਨਵਾਦ


Post a Comment

0 Comments
* Please Don't Spam Here. All the Comments are Reviewed by Admin.

Search