ਜਦ ਤੁਰ ਜਾਣਾ...
ਜਦ ਤੁਰ ਜਾਣਾ ਮੈਂ ਦੁਨੀਆਂ ਤੋਂ
ਤਦ ਮਾਪਿਆਂ ਦੁੱਖ ਨਾ ਸਹਿਣੇ ਨੇ
ਕਈ ਯਾਰਾਂ ਰੱਖਣੇ ਮੌਨ ਮੇਰੇ ਲਈ
ਕਈਆਂ ਸਾਂਹ ਸੁੱਖਾਂ ਦੇ ਲੈਣੇ ਨੇ।
ਸਾਡੇ ਚੁੱਲੇ ਰੋਟੀ ਪੱਕਣੀ ਨਹੀਂ
ਤੇ ਕਈਆਂ ਟਿਕਟ ਡਿਨਰ ਦੇ ਲੈਣੇ ਨੇ
ਹੋਣੇ ਬੁਣੇ ਜੋ ਸੁਪਨੇ ਬਾਪੂ ਨੇ
ਤੱਕ ਫੋਟੋ ਟੁੱਟਦੇ ਰਹਿਣੇ ਨੇ।
ਮੈਂ ਯਾਰਾਂ ਦਾ ਵੀ ਹੋ ਨਾ ਸਕਿਆ
ਤੇ ਪੂਰੀ ਤਰਾਂ ਨਿਭਾ ਨਾਂਹ ਸਕਿਆ
ਬੱਸ ਸ਼ਿਕਵੇ ਏਹੋ ਰਹਿਣੇ ਨੇ
ਨਹੀਂ ਮੁੜਨਾਂ ਥੋਡਾ "ਪ੍ਰੇਮ" ਯਾਰੋ
ਬਾਕੀ ਕੰਮ ਤਾਂ ਹੁੰਦੇ ਰਹਿਣੇ ਨੇ।।
PREM DHARAMPURA
Prem Dharampura Shayri |
ਜਿਵੇਂ ਕਿ ਕਿਸੇ ਨੇ ਪਹਿਲਾਂ ਹੀ ਕਿਹਾ ਹੈ ਕਿ ਜ਼ਿੰਦਗੀ ਇਕ ਕਿਰਾਏ ਦਾ ਘਰ ਹੈ ਤੇ ਇਹ ਸਵਾਸ ਰੂਪੀ ਪੂੰਜੀ ਸਾਡਾ ਕਿਰਾਇਆ ਹਨ, ਸੋ ਜਿੰਨਾ ਸਮਾਂ ਸਾਡੇ ਕੋਲ ਕਿਰਾਇਆ ਦੇਣ ਲਈ ਇਹ ਪੂੰਜੀ ਹੈ ਓਦੋਂ ਤਕ ਹੀ ਅਸੀਂ ਇਸ ਘਰ ਦੇ ਵਸਿੰਦੇ ਹਾਂ ਤੇ ਕੋਈ ਵੀ ਸਾਨੂੰ ਇਥੋਂ ਬਾਹਰ ਜੁਦਾ ਨਹੀਂ ਕਰ ਸਕਦਾ ਤੇ ਜਿਸ ਦਿਨ ਧੇਲਾ ਧੇਲਾ ਕਰਕੇ ਸਾਡੇ ਕੋਲੋ ਇਹ ਪੂੰਜੀ ਮੁੱਕ ਗਈ ਓਸ ਦਿਨ ਹੀ ਅਸੀਂ ਇਸ ਜਹਾਨ ਰੂਪੀ ਘਰ ਤੋਂ ਰੁਖ਼ਸਤ ਹੋ ਜਾਵਾਂਗੇ ਜਾਂ ਕਹਿ ਸਕਦੇ ਹਾਂ ਕਿ ਸਾਨੂੰ ਰੁਖ਼ਸਤ ਹੋਣਾ ਪੈਣਾ ਹੈ।
ਇਹ ਮੌਤ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੀ। ਇਹ ਕਿਸੇ ਦੀ ਜਾਤ ਪਾਤ, ਉਮਰ ਤੇ ਰੰਗ ਰੂਪ ਦਾ ਕੋਈ ਲਿਹਾਜ਼ ਨਹੀਂ ਕਰਦੀ ਜਦੋਂ ਆਉਣ ਤੇ ਆਵੇ ਤਾਂ ਇਹ ਇੱਕ ਬਿੰਦ ਵੀ ਦੇਰ ਨਹੀਂ ਕਰਦੀ।
ਚਲੀ ਜਾਣ ਵਾਲੀ ਰੂਹ ਨੂੰ ਆਪ ਕੋਈ ਸ਼ਿਕਵਾ ਹੋਣਾ ਜਾਂ ਉਸਨੂੰ ਚਲੇ ਜਾਣ ਤੇ ਕੋਈ ਰੋਸਾ ਹੋਣਾ ਇਹ ਤਾਂ ਨਹੀਂ ਪਤਾ ਲਗਾਇਆ ਜਾ ਸਕਦਾ ਤੇ ਨਾ ਹੀ ਉਸਦੀ ਖੁਸ਼ੀ ਗਮੀ ਪਤਾ ਲਗਦੀ, ਪਰ ਪਿੱਛੇ ਜੋ ਰਹਿ ਜਾਂਦੇ ਨੇ ਓਹਨਾ ਬਾਰੇ ਜਰੂਰ ਕਿਹਾ ਜਾ ਸਕਦਾ ਹੈ ਕਿ ਓਹਨਾ ਵਿਚ ਸਿਰਫ ਤੇ ਸਿਰਫ ਰੋਸਾ ਹੀ ਹੁੰਦਾ ਹੈ, ਇਹ ਰੋਸਾ ਕਈਆਂ ਲਈ ਆਪਣੇ ਰਿਸ਼ਤਿਆਂ ਕਰਕੇ, ਕਈਆਂ ਲਈ ਆਪਣੀਆਂ ਹੋਰ ਵੀ ਲਿਹਾਜ਼ਾਂ ਕਰਕੇ। ਕਿਸੇ ਨੂੰ ਇਹ ਨਰਾਜ਼ਗੀ ਹੁੰਦੀ ਹੈ ਕਿ ਜਾਣ ਵਾਲਾ ਪੂਰੀ ਉਮਰ ਤਕ ਓਹਨਾ ਨਾਲ ਨਿਭ ਨਹੀਂ ਸਕਿਆ, ਕਿਸੇ ਨੂੰ ਇਹ ਨਰਾਜ਼ਗੀ ਹੁੰਦੀ ਹੈ ਕਿ ਜਾਣ ਵਾਲਾ ਓਹਨਾ ਦੇ ਸੁਪਨੇ ਪੂਰੇ ਨਹੀਂ ਕਰ ਸਕਿਆ। ਕਿਸੇ ਨੂੰ ਵਿਯੋਗ ਹੁੰਦਾ ਹੈ ਤੇ ਕਿਸੇ ਨੂੰ ਆਪਣੇ ਇਕੱਲੇ ਰਹਿਣ ਦਾ ਡਰ ਤੇ ਚਿੰਤਾ।
ਕਿਸੇ ਨੂੰ ਓਸ ਰੂਹ ਨਾਲ ਬਿਤਾਏ ਪਲ ਮੁੜ ਮੁੜ ਯਾਦ ਆਉਂਦੇ ਨੇ ਤੇ ਇਕ ਕਸਕ ਜਿਹੀ ਬਣ ਸੀਨੇ ਚ ਸੱਲ ਕਰਦੇ ਨੇ, ਕਿਸੇ ਨੂੰ ਓਹਦਾ ਮਹਿਬੂਬਪੁਣਾ ਵਾਪਿਸ ਪੰਖੇਰੂ ਆਉਣ ਨੂੰ ਉਡੀਕਦਾ ਹੈ ਤੇ ਮੁੜ ਤੋਂ ਓਹੀ ਬਹਾਰ ਰੁੱਤ ਨੂੰ ਮਾਣ ਸਕਣ ਦੀ ਚਾਹ ਰੱਖਦਾ ਹੈ।
ਇੱਕ ਅੱਲ੍ਹੜ ਉਮਰ ਦੇ ਜਵਾਨ ਦੇ ਤੁਰ ਜਾਣ ਤੇ ਜਿੱਥੇ ਓਹਦੇ ਮਾਪੇ ਵਿਰਲਾਪ ਕਰਦੇ ਹਨ ਤੇ ਓਥੇ ਹੀ ਓਹਨਾ ਦੇ ਸਾਰੇ ਹੀ ਸਕੇ ਸੰਬੰਧੀ ਰਭ ਨੂੰ ਦੋਸ਼ ਦੇਂਦੇ ਹਨ। ਮਾਪੇ ਆਪਣੇ ਸਾਰੇ ਪਲ ਜੋ ਉਸ ਨਾਲ ਬਿਤਾਏ ਹੁੰਦੇ ਨੇ ਸਭ ਨੂੰ ਯਾਦ ਕਰਕੇ ਦਹਾਈ ਦੇਂਦੇ ਹਨ।
ਸੋ ਇਸ ਤਰਾਂ ਦੇ ਪਲ ਕਦੇ ਵੀ ਕਿਸੇ ਨੂੰ ਦੇਖਣ ਨੂੰ ਨਾ ਹੀ ਮਿਲਣ ਰੱਬਾ ਕਦੇ ਵੀ ਕਿਸੇ ਬੁੱਢੜੀ ਵਰੇਸ ਚ ਕਿਸੇ ਮਾਪੇ ਦੀ ਡੰਗੋਰੀ ਨਾ ਖੋਹੀਂ ਸਗੋਂ ਉਸਨੂੰ ਰੰਗ ਭਾਗ ਲਾਵੀਂ, ਸਦਾ ਹਾਸੇ ਤੇ ਪਿਆਰ ਵਿਚ ਵਾਸ ਰੱਖੀਂ, ਕਿਸੇ ਨੂੰ ਵੀ ਸੁਪਨੇ ਪੂਰੇ ਕਰਨ ਚ ਰੁਕਾਵਟ ਨਾ ਦੇਵੀਂ ਰੱਬਾ, ਬੇਸ਼ਕ ਕੁਝ ਦਿੱਕਤਾਂ ਦੇਖਣ ਨੂੰ ਮਿਲ ਵੀ ਜਾਵਣ ਪਰ ਇਸਨੂੰ ਟੁੱਟਣ ਨਾ ਦੇਈਂ।
ਕਦੇ ਅੱਥਰੂ ਆਵੇ ਨਾ ਮਾਪੇ ਬੁੱਢਿਆਂ ਦੇ
ਨਾ ਹੀ ਠੋਕਰ ਮਿਲੇ ਕੋਈ ਮੇਹਣਿਆਂ ਦੀ
ਹਰ ਪਲ ਹੀ ਹਾਸਿਆਂ ਵਿਚ ਲੰਘੇ
ਫਿਰ ਗੱਲ ਨਹੀਂ ਕੋਈ ਕਹਿਣਿਆ ਦੀ।
ਹਰ ਪਾਸੇ ਖੁਸ਼ੀ ਦੇ ਹੀ ਬੂਟੇ ਉੱਗਣ
ਤੇ ਬੂਰ ਪਵੇ ਜਿਹਨੂੰ ਆਸਾਂ ਦਾ
ਪਾਣੀ ਪਵੇ ਬੇਸ਼ਕ ਕਿਰਤੀ ਮੁੜਕੇ ਦਾ
ਪਰ ਮੁੱਲ ਮੁੜ ਜਾਵੇ ਸਭ ਆਸਾਂ ਦਾ।
ਧੰਨਵਾਦ ☘️