ਸਾਦਗੀ
ਜਦ ਧਰਿਆ ਪੈਰ ਜਵਾਨੀ ਵਿੱਚ
ਇੱਕ ਆਸ ਬਣਾਈ ਬੈਠਾ ਸਾਂ
ਕੁਝ ਲੈ ਲੈਣਾ ਕੁਝ ਦੇਣ ਪਿੱਛੋਂ
ਇਹ ਖਾਬ ਸਜਾਈ ਬੈਠਾ ਸਾਂ।
ਪਰ ਉਲਝ ਬੈਠਿਆ ਤਾਣੇ ਵਿੱਚ
ਅਤੇ ਪੱਛਮੀ ਸੱਭਿਅਤ ਬਾਣੇ ਵਿੱਚ
ਇੱਕ ਕਿਰਨ ਸੁਨਹਿਰੀ ਸੂਰਜ ਦੀ
ਮੇਰਾ ਮੱਥਾ ਚੁੰਮ ਗਈ
ਇਹ ਦਿਖਾਵੇ ਦੀ ਦੁਨੀਆਂ ਵਿੱਚ
ਮੇਰੀ ਸਾਦਗੀ ਗੁੰਮ ਗਈ।
ਲੱਭਣ ਦੇ ਲਈ ਮੁੜ ਤੋਂ ਇਸਨੂੰ
ਦੱਸ ਦਿਲਾ ਮੈਂ ਕੀ ਨਹੀਂ ਕੀਤਾ
ਧੋਖੇ ਧੱਕੇ ਜਰਦਾ ਆਇਆ
ਕਿੰਨੇ ਵਾਰੀਂ ਮੂੰਹ ਸੀ ਸੀਤਾ
ਪਰ ਏਸ ਜਮਾਨੇ ਵਿੱਚ ਨਾਂਹ ਮਿਲਣੀ
ਜਾਪੇ ਜਿੱਦਾਂ ਰੂਹ ਨਹੀਂ ਖਿਲਣੀ
ਉਹ ਅਹਿਸਾਸ ਜੇ ਮੁੜ ਤੋਂ ਲੱਭਣਾ
ਉਮਰਾਂ ਦਾ ਘਾਟਾ ਖਾਣਾ ਪੈਣਾ
ਲੱਭਣ ਦੇ ਲਈ ਇਸਨੂੰ ਲੱਗਦੈ
ਮੁੜ ਬਚਪਨ ਵਿੱਚ ਜਾਣਾ ਪੈਣਾ
PREM DHARAMPURA
Prem Dharampura Shayri |
ਸਾਨੂੰ ਸਾਰਿਆਂ ਨੂੰ ਹੀ ਜਵਾਕਾਂ ਦਾ ਚਿਹਰਾ, ਸੁਭਾਅ ਬਹੁਤ ਵਧੀਆ ਲੱਗਦਾ ਹੈ ਤੇ ਕੋਈ ਵੀ ਜਵਾਕ (ਬੱਚਾ) ਮਿਲਦਿਆਂ ਹੀ ਅਸੀਂ ਓਸ ਨੂੰ ਬੁਲਾਉਣ ਲਗਦੇ ਹਾਂ, ਲਾਡ ਕਰਨ ਲਗਦੇ ਹਾਂ, ਅਸੀਂ ਹਰ ਓਹ ਪ੍ਰਤੀਕਿਰਿਆ ਦਿੰਦੇ ਹਾਂ ਜਿਸ ਨਾਲ ਸਾਨੂੰ ਲੱਗੇ ਕਿ ਉਹ ਬੱਚਾ ਸਾਡੇ ਨਾਲ ਹੱਸੇ ਤੇ ਸਾਡੇ ਨਾਲ ਪ੍ਰਤੀਕਿਰਿਆ ਕਰੇ (ਬੇਸ਼ਕ ਉਹ ਬੱਚਾ ਸਾਡੀ ਪਹਿਚਾਣ ਦਾ ਹੀ ਨਾ ਹੋਵੇ ਤੇ ਸਾਡਾ ਓਸਦੇ ਨਾਲ ਕੋਈ ਸਬੰਧ ਵੀ ਨਾਹ ਹੋਵੇ), ਅਜਿਹਾ ਕਿਉਂ ਹੁੰਦਾ ਹੈ?
ਕਿਉਂਕਿ ਬੱਚੇ ਦਾ ਚਿਹਰਾ ਮਾਸੂਮ ਹੁੰਦਾ ਹੈ ਤੇ ਸਾਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਤੇ ਅਸੀਂ ਓਸਦੇ ਨਾਲ ਗੱਲ ਕਰਨ ਦੀ ਹਰ ਇੱਕ ਵਾਹ ਲਾਉਂਦੇ ਹਾਂ, ਇਹ ਸਭ ਓਸਦੇ ਚਿਹਰੇ ਦੀ ਮਾਸੂਮੀਅਤ ਤੇ ਸਾਦਗੀ ਦੇ ਕਰਕੇ ਹੀ ਹੁੰਦਾ ਹੈ ਕਿ ਅਸੀਂ ਉਸਦੇ ਦੀਵਾਨੇ ਬਣ ਜਾਂਦੇ ਹਾਂ ਤੇ ਇਹ ਸਾਦਗੀ ਓਸਦੇ ਚਿਹਰੇ ਤੇ ਓਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਕਿ ਉਹ ਦੁਨੀਆ ਦੇ ਸੰਪਰਕ ਚ ਨਹੀਂ ਆ ਜਾਂਦਾ, ਜਦੋਂ ਤੱਕ ਕਿ ਲੋਕਾਂ ਵੱਲੋਂ ਓਸਦੇ ਵਿਚ ਈਰਖਾ ਦਾ ਜ਼ਹਿਰ ਨਹੀਂ ਭਰਿਆ ਜਾਂਦਾ, ਜਦੋਂ ਤੱਕ ਉਸਨੂੰ ਝੂਠ ਬੋਲਣਾ ਨਹੀਂ ਸਿਖਾਇਆ ਜਾਂਦਾ, ਜਦੋਂ ਹੀ ਉਸਨੂੰ ਇਹ ਸਭ ਸਿਖਾ ਦਿੱਤਾ ਜਾਂਦਾ ਹੈ ਜਾਂ ਫਿਰ ਉਸਦੇ ਦਿਮਾਗ ਵਿੱਚ ਭਰ ਦਿੱਤਾ ਜਾਂਦਾ ਹੈ ਤੇ ਉਲਝਾ ਦਿੱਤਾ ਜਾਂਦਾ ਹੈ ਫੈਸ਼ਨ ਭਰੇ ਪਹਿਰਾਵਿਆਂ ਵਿੱਚ ਤਾਂ ਉਸਦੀ ਇਹ ਸਾਦਗੀ ਤੇ ਮਾਸੂਮੀਅਤ ਕਿਧਰੇ ਹੀ ਚਲੀ ਜਾਂਦੀ ਹੈ ਜਿਵੇਂ ਕਿ ਪਤਝੜ ਦੇ ਆਉਣ ਤੇ ਰੁੱਖਾਂ ਦੇ ਪੱਤੇ ਕਿਧਰੇ ਚਲੇ ਜਾਂਦੇ ਹਨ, ਪਰ ਰੁੱਖਾਂ ਨੂੰ ਤਾਂ ਫੇਰ ਵੀ ਕਦੇ ਨਾ ਕਦੇ ਬਹਾਰ ਦੀ ਰੁੱਤ ਦੇਖਣ ਨੂੰ ਮਿਲ ਜਾਂਦੀ ਹੈ ਪਰ ਜਦੋਂ ਆਦਮੀ ਆਪਣੀ ਸਾਦਗੀ ਨੂੰ ਖੋ ਬੈਠੇ ਤੇ ਆਪਣੇ ਦਿਲ ਵਿਚ ਵਿਕਾਰ ਪਾਲ ਲਵੇ ਤਾਂ ਇਹ ਜਲਦੀ ਖਹਿੜਾ ਨਹੀਂ ਛੱਡਦੇ ਜੇ ਏਦਾਂ ਹੋ ਵੀ ਜਾਵੇ ਤਾਂ ਪਹਿਲਾਂ ਵਾਲੀ ਗੱਲ ਤਾਂ ਕਿੱਥੇ ਬਣਦੀ ਹੈ ਕਿਉਂਕਿ ਜਦੋਂ ਵਿਅਕਤੀ ਦੁਬਾਰਾ ਓਹੀ ਰੂਪ (ਅਤੀਤ ਵਾਲੇ ਰੂਪ) ਵਿਚ ਆਉਂਦਾ ਹੈ ਤਾਂ ਉਹ ਕਿਸੇ ਸੱਟ ਦੇ ਕਾਰਨ ਹੀ ਆਵੇਗਾ, ਉਹ ਕਿਸੇ ਚੀਜ ਤੋਂ ਬਚਦਾ ਹੋਇਆ ਦੁਬਾਰਾ ਵਾਪਿਸ ਆਇਆ ਹੋਵੇਗਾ ਤੇ ਵਾਪਿਸ ਮਾਸੂਮ ਹੋਣ ਤੇ ਆਪਨਾ ਇਹ ਰੂਪ ਗਵਾਉਣ ਦਾ ਡਰ ਜਰੂਰ ਹੋਵੇਗਾ ਤੇ ਜ਼ਮਾਨੇ ਦੀਆਂ ਸੱਟਾਂ ਨੇ ਮਾਸੂਮ ਰਹਿਣ ਹੀ ਨਹੀਂ ਦੇਣਾ।
ਜਵਾਨੀ ਵਿਚ ਪੈਰ ਧਰਦਿਆਂ ਬਹੁਤ ਹੀ ਆਸਾਂ ਹੁੰਦੀਆ ਨੇ ਕਿ ਅਸੀਂ ਬਹੁਤ ਕੁਝ ਕਰਨਾ ਹੈ, ਪਰ ਜਦੋਂ ਸਮਾਜ ਦੇ ਸੰਪਰਕ ਵਿੱਚ ਆਉਂਦੇ ਹਾਂ ਤਾਂ ਬਹੁਤ ਕੁਝ ਨਵਾਂ ਪਾਉਣ ਦੇ ਚੱਕਰ ਵਿੱਚ ਪਹਿਲਾਂ ਵਾਲਾ ਕੁਝ ਅਣਮੁੱਲਾ ਧਨ ਗਵਾ ਲੈਂਦੇ ਹਾਂ। ਪਤਾ ਹੀ ਨਹੀਂ ਲਗਦਾ ਕਿ ਅਸੀਂ ਕਦੋਂ ਇਸ ਤਾਣੇ ਬਾਣੇ ਵਿੱਚ ਉਲਝ ਜਾਂਦੇ ਹਾਂ ਤੇ ਬੁਣਾਈ ਭੁੱਲ ਜਾਂਦੇ ਹਾਂ ਸੁਪਨਿਆਂ ਦੀ।
ਬਹੁਤ ਲਭਦੇ ਹਾਂ ਕਿ ਸਾਨੂੰ ਉਹ ਵਾਲਾ ਸਮਾਂ ਜੀਣ ਲਈ ਮਿਲ ਜਾਵੇ ਪਰ ਕਿਥੇ।
ਮੁੜ ਕੇ ਬਚਪਨ ਵਿਚ ਚਲੇ ਜਾਣ ਨੂੰ ਜੀਅ ਕਰਦਾ ਹੈ ਪਰ ਇਜ਼ਾਜ਼ਤ ਹੀ ਨਹੀਂ ਮਿਲਦੀ।
ਧੰਨਵਾਦ