Type Here to Get Search Results !

Farewell (Song) - Prem Dharampura | Friendship Shayri | Love Shayri | New Punjabi Shayri - Punjabi Kavita

ਵਿਦਾਈ
ਦਿਨ ਦੇ ਵਿੱਚ ਇੱਕ ਦੋ ਵਾਰੀਂ
ਦਿਲ ਮੇਰਾ ਲਾਜਮੀ ਰੋਣਾ।
ਤੱਕਣਾ ਜਦ ਚਾਰ-ਚੁਫੇਰਾ
ਸਾਰਾ ਕੁਝ ਸੁੰਨਾ ਹੋਣਾ।।
ਡਾਰਾਂ ਚੋਂ ਵਿੱਛੜੇ ਜਿਹੜੇ
ਪੰਛੀ ਨਾ ਜੁੜਨੇ ਨੇ 
ਲੰਘ ਗਏ ਜੋ ਦਿਨ ਕਾਲਜ ਦੇ
ਭਲਕੇ ਨਾ ਮੁੜਨੇ ਨੇ।।

ਜਦ ਵੀ ਕਦੇ ਗੇੜਾ ਲੱਗਣਾ
ਪਿੰਡ ਤੋਂ ਕਾਲਜ ਦੇ ਵੱਲ ਨੂੰ।
ਕਿੱਦਾਂ ਫਿਰ ਰੋਕ ਪਾਊਂਗਾ
ਹੰਝੂਆਂ ਦੇ ਵਗਦੇ ਜਲ ਨੂੰ।।
ਜੀਹਦੇ ਵਿੱਚ ਘੁਲਕੇ ਲੱਖਾਂ
ਸੁਪਨੇ ਹੀ ਰੁੜਨੇ ਨੇ
ਲੰਘ ਗਏ ਜੋ ਦਿਨ ਕਾਲਜ ਦੇ
ਭਲਕੇ ਨਾ ਮੁੜਨੇ ਨੇ।।

ਹੋਣੀ ਨੀ ਮਸਤੀ ਕੋਲੇ
ਉਂਝ ਤਾਂ ਪਰ ਮਿਲਦੇ ਰਹਿਣਾ
ਹੋਣੇ ਕੋਈ ਹੋਰ ਬਗੀਚੇ
ਫੁੱਲਾਂ ਨੇ ਖਿਲਦੇ ਰਹਿਣਾ
ਯਾਰਾਂ ਬਿਨ ਪਲ ਹਾਸਿਆਂ ਦੇ
ਸਦਾ ਹੀ ਥੁੜਨੇ ਨੇ
ਲੰਘ ਗਏ ਜੋ ਦਿਨ ਕਾਲਜ ਦੇ
ਭਲਕੇ ਨਾ ਮੁੜਨੇ ਨੇ।।

ਪ੍ਰੇਮ ਧਰਮਪੁਰਾ

Prem Dharampura
Prem Dharampura


ਆਪਣਿਆਂ ਨਾਲ ਬਿਤਾਇਆ ਹੋਇਆ ਸਮਾਂ ਸਾਨੂੰ ਕਦੇ ਵੀ ਨਹੀਂ ਭੁੱਲਦਾ, ਜੀ ਹਾਂ ਆਪਣਿਆਂ ਨਾਲ। ਇਹ ਆਪਣੇ ਓਹ ਆਪਣੇ ਹਨ ਜਿਨ੍ਹਾਂ ਨੂੰ ਕਦੇ ਅਸੀਂ ਜਾਣਦੇ ਵੀ ਨਹੀਂ ਸੀ ਤੇ ਪਤਾ ਨਹੀਂ ਕਿੱਥੋਂ ਤੋਂ ਕਿੱਥੋਂ ਸੰਯੋਗ ਆਪਸ ਵਿਚ ਮੇਲ ਕਰਵਾ ਦਿੰਦੇ ਹਨ। ਪਿੰਡ ਤੋਂ ਦੂਰ ਦੇ ਕਾਲਜ ਵਿੱਚ ਪੜ੍ਹਦਿਆਂ ਪਤਾ ਨਹੀਂ ਕਿੰਨੀਆਂ ਹੀ ਰੂਹਾਂ ਸਾਡੇ ਨਾਲ ਇਕ ਮਿਕ ਹੋ ਜਾਂਦੀਆਂ ਨੇ। ਪੜਾਈ ਦਾ ਇਹ ਪੜਾਅ ਸਾਰਾ ਹੀ ਇਹਨਾਂ ਰੂਹਾਂ ਦੇ ਨਾਲ ਬੀਤਦਾ ਹੈ । ਇਕ ਇਕ ਪਲ ਯਾਦਗਾਰ ਹੋ ਜਾਂਦਾ ਹੈ, ਇਹਨਾਂ ਦਿਨਾਂ ਵਿੱਚ ਜੋ ਜੋ ਹਾਸੇ ਅਸੀ ਆਪਸ ਵਿੱਚ ਮਾਣੇ ਹੁੰਦੇ ਆ ਓਹ ਸਾਨੂੰ ਬਾਅਦ ਵਿੱਚ ਇੱਕ ਦੂਜੇ ਤੋਂ ਵੱਖ ਹੁੰਦਿਆਂ ਬਹੁਤ ਰਵਾਉਂਦੇ ਆ, ਕਦੇ ਸੋਚਿਆ ਵੀ ਨਹੀਂ ਹੁੰਦਾ ਕਿ ਕਦੇ ਇਸ ਤਰਾਂ ਜੁਦਾ ਹੋ ਜਾਣਾ ਪੈ ਸਕਦਾ ਹੈ।
ਵਿਛੜਦੇ ਹੋਏ ਸਾਨੂੰ ਓਹ ਸਭ ਯਾਦ ਆਉਂਦਾ ਹੈ ਜੋ ਸਾਨੂੰ ਰਵਾਉਣ ਲਈ ਕਾਫੀ ਹੁੰਦਾ ਹੈ। 

ਵਿਛੜ ਜਾਣ ਤੋਂ ਬਾਅਦ ਸਾਡੇ ਕੋਲ ਇੱਕ ਵੀ ਬਹਾਨਾ ਨਹੀਂ ਹੁੰਦਾ ਕਿ ਅਸੀਂ ਸਭ ਦੁਬਾਰਾ ਇਕਠੇ ਹੋ ਸਕੀਏ ਤੇ ਨਾ ਹੀ ਕੋਈ ਸਬੱਬ ਬਣਦਾ, ਹੋ ਸਕਦਾ ਹੈ ਕਿ ਸ਼ੁਰੂਆਤੀ ਦਿਨਾਂ (ਜਦੋਂ ਨਵੇਂ ਨਵੇਂ ਵਿਛੜੇ ਹੁੰਦੇ ਹਾਂ) ਕੋਈ ਬਹਾਨਾ ਬਣਾ ਕੇ ਮਿਲ ਲਈਏ ਪਰ ਸਾਰਿਆਂ ਦਾ ਓਸ ਤਰਾਂ (ਜਿਵੇਂ ਕਾਲਜ ਵਿਚ ਬੇਫ਼ਿਕਰ ਜਿਹੇ ਮਿਲਦੇ ਸੀ) ਮਿਲ ਹੋਣਾ ਨਹੀਂ ਹੁੰਦਾ। 
ਅਸਲ ਇਸ ਕਰਕੇ ਹੁੰਦਾ ਹੈ ਕਿ ਓਦੋਂ ਅਸੀ ਅਜ਼ਾਦ ਹੁੰਦੇ ਹਾਂ, ਅਸੀਂ ਬੇਫ਼ਿਕਰ ਹੁੰਦੇ ਹਾਂ, ਨਾ ਤਾਂ ਸਾਨੂੰ ਕੋਈ ਕਮਾਈ ਜਾਂ ਕਬੀਲਦਾਰੀ ਦਾ ਚੱਕਰ ਹੁੰਦਾ ਤੇ ਨਾ ਹੀ ਸਮੇਂ ਦੀ ਚਾਲ ਦਾ ਕਿ ਇਹ ਬੀਤਦਾ ਜਾ ਰਿਹਾ ਹੈ। ਓਸ ਬੇਸਮਝੀ, ਨਾਦਾਨੀ, ਬੇਫਿਕਰੀ ਵਿੱਚ ਬਿਤਾਏ ਸਮੇਂ ਨੂੰ ਹਰ ਕੋਈ ਯਾਦ ਕਰਦਾ ਹੈ ਤੇ ਉਹ ਸਮਾਂ ਕਦੇ ਵੀ ਮੁੜ ਕੇ ਨਹੀਂ ਆਉਂਦਾ। ਹੋ ਸਕਦਾ ਹੈ ਕਿ ਕਿਸੇ ਵਿਆਹ ਸ਼ਾਦੀ ਜਾਂ ਕਿਸੇ ਸਮਾਗਮ ਤੇ ਮਿਲ ਵੀ ਜਾਈਏ ਪਰ ਸਾਰਾ ਮੰਡਲ ਇਕਠਾ ਹੋਣਾ ਸੰਭਵ ਨਹੀਂ ਤੇ ਨਾ ਹੀ ਉਹ ਵਾਲਾ ਆਲਾ ਦੁਆਲਾ ਮਿਲਦਾ। ਮੰਨ ਲਵੋ ਉਹ ਸਭ ਮਿਲ ਵੀ ਜਾਵੇ ਤਾਂ ਸਾਨੂੰ ਗੁੱਟ ਤੇ ਬੰਨੀ ਹੋਈ ਘੜੀ ਇਹ ਇਜ਼ਾਜ਼ਤ ਨਹੀਂ ਦਿੰਦੀ ਕਿ ਅਸੀਂ ਖੁੱਲ ਕੇ ਸਮਾਂ ਬਿਤਾ ਸਕੀਏ।
ਅਸਲ ਗੱਲ ਤਾਂ ਇਹ ਹੈ ਕਿ ਸਮੇਂ ਦੇ ਨਾਲ ਹੀ ਸਭ ਬਦਲ ਜਾਣਾ ਹੁੰਦਾ ਹੈ ਤੇ ਅਸੀਂ ਚਾਹ ਕੇ ਵੀ ਇਸਨੂੰ ਬਦਲਣ ਤੋਂ ਰੋਕ ਨਹੀਂ ਸਕਦੇ।
ਬੇਸ਼ੱਕ ਸਾਡੀ ਜਿੰਦਗੀ ਵਿੱਚ ਕੁਝ ਨਵੇਂ ਲੋਕ ਜੁੜ ਜਾਂਦੇ ਹਨ ਪਰ ਓਸ ਸੁਨਹਿਰੀ ਸਮੇਂ ਵਿਚ ਕਮਾਏ ਹੋਏ ਸੁਨਹਿਰੀ ਸਾਥੀ ਸਾਨੂੰ ਨਹੀਂ ਭੁੱਲਦੇ ਤੇ ਨਾ ਹੀ ਸਾਡੇ ਹਿਰਦਿਆਂ ਵਿੱਚੋਂ ਜੁਦਾ ਹੁੰਦੇ, ਕਈ ਵਾਰ ਸਮੇਂ ਦੇ ਨਾਲ ਓਹਨਾ ਦੀ ਯਾਦ ਘਟ ਜਾਣ ਵਧ ਸਕਦੀ ਹੈ ਪਰ ਉਹ ਵੱਖ ਕਦੇ ਨਹੀਂ ਹੋ ਸਕਦੇ, ਉਹ ਹਮੇਸ਼ਾ ਲਈ ਹੀ ਸਾਡੀ ਜ਼ਿੰਦਗੀ ਦੇ ਕਾਗਜ਼ ਤੇ ਲਿਖੇ ਜਾਂਦੇ ਹਨ।
ਧੰਨਵਾਦ



Post a Comment

0 Comments
* Please Don't Spam Here. All the Comments are Reviewed by Admin.

Search