ਵਕਤ
ਕਹਿੰਦੀ ਚੱਕ ਸਮਾਨ
ਤੇ ਤੁਰਜਾ
ਦਿਲ ਨੂੰ ਖਾਲੀ ਕਰਕੇ ਵੇ
ਹੁਣ ਤੇਰੇ ਲਈ ਨਾ ਵਕਤ
ਮੇਰੇ ਹਕਦਾਰਾਂ ਕਰਕੇ ਵੇ
ਇਹ ਦੇ ਦੇਣੀ ਹੈ ਜਗਾਂ
ਕਿਰਾਏ ਉੱਤੇ ਨਵਿਆਂ ਨੂੰ
ਬਸ ਰੋਂਦਾ ਰਹੀਂ ਤੂੰ ਕਰਕੇ
ਯਾਦ ਬਿਤਾਏ ਸਮਿਆਂ ਨੂੰ।।
ਅੱਜ ਤੋਂ ਬਾਅਦ ਜਤਾਉਣੇ
ਛੱਡ ਦਈਂ ਹੱਕ ਤੂੰ ਮੇਰੇ ਤੇ
ਮੁੜ ਨਾ ਨਜਰੀਂ ਆਊਂ
ਹੁਣ ਮੈਂ ਰਸਤੇ ਤੇਰੇ ਤੇ
ਜਾਹ ਤੂੰ ਵੀ ਖੇਡ ਸ਼ਿਕਾਰ
ਤੇ ਜਾਲ ਫਸਾ ਲੈ ਨਵਿਆਂ ਨੂੰ
ਜਾਂ ਰੋਂਦਾ ਰਹੀਂ "PREM"
ਯਾਦ ਕਰ ਗੁਜਰੇ ਸਮਿਆਂ ਨੂੰ।
PREM DHARAMPURA
Prem Dharampura Shayri |
ਵਕਤ ਵਕਤ ਹੀ ਹੁੰਦਾ ਹੈ ਇਹ ਕਿਸੇ ਵੀ ਇਨਸਾਨੀ ਜਾਂ ਜੀਵਨ ਧਾਰਕ ਦਿਲ ਜਾਂ ਮਨ ਨਾਲ ਨਹੀਂ ਸੋਚਦਾ, ਇਹ ਇੱਕ ਵਾਰ ਆਪਣੇ ਕੋਲੋ ਚਲਾ ਗਿਆ ਤਾਂ ਚਲਾ ਗਿਆ, ਇਹ ਕਦੇ ਬੇਵਫਾ ਹੋਏ ਦਿਲਬਰ ਜਿਹਾ ਨਹੀਂ ਹੈ ਕਿ ਦੁਬਾਰਾ ਤੁਹਾਡਾ ਚੇਤਾ ਆਉਣ ਤੇ ਤੁਹਾਨੂੰ ਫਿਰ ਤੋਂ ਗਲਵੱਕੜੀ ਚ ਲੈ ਲਵੇਗਾ, ਇਸਦੇ ਲਈ ਜੋ ਇਕ ਵਾਰ ਇਸ ਨਾਲ ਕਦਮ ਨਾ ਮਿਲਾ ਸਕਿਆ ਤਾਂ ਇਹ ਉਸਦਾ ਹੋਣ ਤੋਂ ਕਤਰਾਉਂਦਾ ਹੀ ਰਹਿੰਦਾ ਹੈ ਤੇ ਜਿੰਨੇ ਕਦਮ ਇਹ ਤੁਹਾਡੇ ਤੋਂ ਅੱਗੇ ਨਿਕਲ ਗਿਆ ਓਨੇ ਕਦਮ ਅੱਗੇ ਹੀ ਰਹੇਗਾ, ਇਹ ਉਸ ਮਹਿਬੂਬ ਵਰਗਾ ਤਾਂ ਬਿਲਕੁਲ ਵੀ ਨਹੀਂ ਹੈ ਜਿਹੜੀ ਕਿਸੇ ਰਸਤੇ ਤੇ ਤੁਹਾਡੇ ਨਾਲ ਤੁਰਦਿਆਂ ਤੁਰਦਿਆਂ ਕਿਸੇ ਸਵਾਲ ਜਵਾਬ ਤੋਂ ਬਚਦੀ ਇੱਕ ਨਖਰੇ ਜਿਹੇ ਨਾਲ ਤੁਹਾਡੇ ਨਾਲੋਂ ਅੱਗੇ ਨਿਕਲ ਜਾਂਦੀ ਹੈ ਤੇ ਫਿਰ ਇਕੱਲੇ ਤੁਰਦਿਆਂ ਉਬਾਉਪੁਣਾ ਹੋਣ ਤੇ (ਹਨੇਰਾ ਹੋਣ ਤੋਂ ਡਰਦਿਆਂ) ਤੁਹਾਡੇ ਵੱਲ ਬਾਹਾਂ ਖਿਲਾਰ ਕੇ ਵਾਪਿਸ ਭੱਜ ਆਊਗੀ।
ਇਹ ਉਸ ਮਹਿਬੂਬ ਵਰਗਾ ਵੀ ਨਹੀਂ ਹੈ ਜੋ ਕਹਿੰਦਾ ਰਹੇ ਕਿ ਮੈ ਤੈਨੂੰ ਛਡ ਜਾਣਾ ਹੈ ਤੇ ਇਹ ਛੱਡ ਦੇਣ ਵਾਲੇ ਦਿਨ ਨੂੰ ਹੀ ਉਡੀਕਦਾ ਰਹੇ, ਇਹ ਆਪਣੀ ਚਾਲ ਤੁਰਿਆ ਰਹਿੰਦਾ ਹੈ, ਨਿਰੰਤਰ ਤੁਰਿਆ ਰਹਿੰਦਾ ਹੈ ਪਰ ਜੇ ਤੁਸੀ ਇਸ ਨਾਲ ਕਦਮ ਨਹੀਂ ਮਿਲਾ ਸਕੇ ਤਾਂ ਤੁਹਾਡਾ ਪਿੱਛੜ ਜਾਣਾ ਸੁਭਾਵਿਕ ਹੈ।
ਪਿਆਰ - ਕਹਿੰਦੇ ਹਨ ਜਿੱਥੇ ਪਿਆਰ ਹੈ ਓਥੇ ਰੋਸੇ ਹੋਣਾ ਵੀ ਆਮ ਜਿਹੀ ਹੀ ਗੱਲ ਹੈ, ਇਹ ਰੋਸੇ ਆਪਸ ਵਿਚ ਸੁਲਝਾ ਲਏ ਜਾਂਦੇ ਨੇ ਪਰ ਜੇਕਰ ਇਹ ਰੋਸੇ ਕਿਸੇ ਵੀ ਵੱਡੇ ਰੂਪ ਚ ਬਦਲ ਜਾਣ ਤਾਂ ਇੱਕ ਦੂਜੇ ਉੱਤੇ ਬੇਵਫਾ ਹੋਣ ਦੇ ਦੋਸ਼ ਲੱਗਣੇ ਆਮ ਜਿਹੀ ਗੱਲ ਹੈ,
ਇਹਨਾ ਨੋਕਾਂ ਝੋਕਾਂ ਤੋਂ ਪਿਆਰ ਵਧਦਾ ਵੀ ਬਹੁਤ ਹੈ ਤੇ ਕਈ ਵਾਰ ਇਹੋ ਨੋਕਾਂ ਝੋਕਾਂ ਸਾਡੇ ਪਿਆਰ ਚ ਦਰਾੜ ਪੈਦਾ ਕਰ ਦਿੰਦੀਆਂ ਨੇ, ਇਸਤੋਂ ਬਾਅਦ ਇਹ ਇੰਨੀਆਂ ਵੱਧ ਜਾਂਦੀਆਂ ਨੇ ਕਿ ਇੱਕ ਦੂਸਰੇ ਦੀ ਭਾਵਨਾ ਸਮਜਣ ਚ ਮੁਸ਼ਕਿਲ ਆ ਜਾਂਦੀ ਹੈ ਤੇ ਬਾਅਦ ਵਿੱਚ ਇੱਕ ਦੂਜੇ ਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਫਿਰ ਉਹ ਕੋਈ ਹੋਰ ਰਾਸਤਾ ਚੁਣ ਲੈਂਦੇ ਹਨ ।
ਅਪਣੇ ਆਪ ਨੂੰ ਕਿਸੇ ਹੋਰ ਰਸਤੇ ਤੇ ਤੋਰ ਲੈਂਦੇ ਹਨ ਤੇ ਇਹ ਇੱਕ ਨਵਾਂ ਬਦਲ ਬਣ ਜਾਂਦਾ ਹੈ, ਤੇ ਇੱਕ ਨਵਾਂ ਮਹਿਬੂਬ ਬਣ ਜਾਂਦਾ ਹੈ, ਇਸ ਨਵੇਂ ਪਿਆਰ (ਬਦਲ) ਵਿਚ ਅਸੀਂ ਪਹਿਲਾਂ ਵਾਲੇ ਮਹਿਬੂਬ ਨੂੰ ਤੋਲ ਕੇ ਦੇਖਦੇ ਹਾਂ । ਕਦੇ ਕਦੇ ਕੁਝ ਨਵਾਂ ਮਿਲ ਜਾਣ ਤੇ ਪੁਰਾਣਾ ਪਿਆਰ ਛੋਟਾ ਮਹਿਸੂਸ ਹੁੰਦਾ ਹੈ ਤੇ ਕਦੇ ਕੁਝ ਨਵਾਂ ਨਾ ਮਿਲਣ ਤੇ ਕੋਸਣਾ ਹੀ ਪੈਂਦਾ ਹੈ ਨਵੇਂ ਵਾਲੇ ਨੂੰ।
ਪਿਆਰ ਕਰਤੇ ਜੁਦਾ ਹੋ ਜਾਣ ਤੋਂ ਬਾਦ ਬੜੀ ਵਾਰ ਆਪਸ ਵਿਚ ਮਿਲਦੇ ਵੀ ਬਹੁਤ ਦੇਖੇ ਨੇ ਤੇ ਕਈ ਵਾਰ ਤਾਂ ਇੱਕ ਬਹਾਨਾ ਹੀ ਚਾਹੀਦਾ ਹੁੰਦਾ ਹੈ ਪੁਰਾਣੀਆਂ ਗੱਲਾਂ ਤੇ ਮਿੱਟੀ ਪਾਉਣ ਦਾ ਤੇ ਜੁਦਾ ਹੋਏ ਸੱਜਣ ਨੂੰ ਮੁੜ ਤੋਂ ਬਾਹਾਂ ਵਿਚ ਲੈਣ ਦਾ, ਪਰ ਐਸਾ ਹੁੰਦਾ ਤਾਂ ਸਬੱਬ ਨਾਲ ਹੀ ਹੈ ਤੇ ਮੁੜ ਜੁਦਾ ਹੋਣ ਦੀ ਜਿਥੇ ਗੁੰਜਾਇਸ਼ ਘਟ ਜਾਂਦੀ ਹੈ ਤੇ ਕਈ ਵਾਰ ਪਹਿਲਾਂ ਵਾਲਾ ਭਰੋਸਾ ਵੀ ਨਹੀਂ ਬੱਝਦਾ।
ਧੰਨਵਾਦ☘️