ਦੁਨੀਆਂ
ਸਾਰਾ ਦਿਨ ਜੋ ਕਰੇ ਦਲਾਲੀ
ਰਿਸ਼ਤੇ ਨਾਤਿਆਂ ਦੀ
ਜੀਹਨੂੰ ਦਿਲ ਦੇ ਨਾਲੋਂ ਪਿਆਰੀ
ਦੌਲਤ ਬੈਂਕ ਖਾਤਿਆਂ ਦੀ
ਕਿੰਨਾ ਹੀ ਗਲ ਨਾਲ ਲਾ ਲਓ
ਕਦੇ ਉਹ ਆਪਣਾ ਨਹੀਂ ਹੁੰਦਾ
ਦੱਸ ਦਿੰਦਾ ਹੈ ਵਕਤ
ਕਿ ਹਰ ਕੋਈ ਆਪਣਾ ਨਹੀਂ ਹੁੰਦਾ।।
ਲਾਲਚ ਦੀ ਤੱਕੜੀ ਵਿੱਚ
ਜਿਹੜਾ ਕੇਰਾਂ ਤੁੱਲ ਜਾਵੇ
ਦੂਜਿਆਂ ਪਿੱਛੇ ਲੱਗ ਕੇ
ਜਿਹੜਾ ਆਪਣੇ ਭੁੱਲ ਜਾਵੇ
ਕਿੰਨਾ ਈ ਪਿਆਰ ਜਤਾ ਲਓ
ਕਦੇ ਉਹ ਆਪਣਾ ਨਹੀਂ ਹੁੰਦਾ
PREM DHARAMPURA
Prem Dharampura Shayri |
ਇਹ ਦੁਨੀਆਂ ਦਾਰੀ ਪਿਆਰ ਅਤੇ ਮੁਹੱਬਤ ਤੋਂ ਵਧ ਕੇ ਕੁਝ ਵੀ ਨਹੀਂ ਹੈ ਪਰ ਫਿਰ ਵੀ ਪਤਾ ਨੀ ਕਿਉਂ ਲੋਕਾਂ ਨੇ ਇਸ ਚੀਜ ਨੂੰ ਏਨਾ ਮਹੱਤਵ ਹੀ ਨਹੀਂ ਦਿੱਤਾ ਤੇ ਨਾ ਹੀ ਦੇ ਰਹੇ, ਲੋਕਾਂ ਨੇ ਪਤਾ ਨਹੀਂ ਕਿਉਂ ਪੈਸੇ ਨੂੰ ਹੀ ਸਭ ਕੁਝ ਬਣਾ ਲਿਆ ਹੈ।
ਕਹਿੰਦੇ ਹਨ ਕਿ ਕਿਸੇ ਸਮੇਂ ਲੋਕਾਂ ਦਾ ਆਪਸੀ ਪਿਆਰ ਬਹੁਤ ਹੁੰਦਾ ਸੀ, ਮਿਲ ਜੁਲ ਕੇ ਰਹਿਣਾ ਸਭ ਦੀ ਫਿਤਰਤ ਸੀ। ਇੱਕ ਦੂਜੇ ਦਾ ਹਾਲ ਪੁੱਛਦੇ ਰਹਿਣਾ, ਇੱਕ ਦੂਜੇ ਦੀ ਸਹਾਇਤਾ ਕਰਨਾ, ਮਿਲ ਕੇ ਖਾਣਾ, ਮਿਲ ਕੇ ਰਹਿਣਾ, ਮਿਲ ਕੇ ਦੁੱਖ ਸੁੱਖ ਸਾਂਝੇ ਕਰਨਾ ਤੇ ਹਰ ਇਕ ਕੰਮ ਨੂੰ ਇਕ ਦੂਜੇ ਨਾਲ ਮਿਲ ਕੇ ਕਰਨਾ ਇਹ ਸਭ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਸੀ। ਪਰ ਪਤਾ ਨਹੀਂ ਕਿਉਂ ਹੋਲੀ-ਹੋਲੀ ਇਹ ਸਭ ਕੁਝ ਬਦਲ ਗਿਆ, ਹੌਲੀ ਹੌਲੀ ਪੈਸਾ ਲੋਕਾਂ ਦੇ ਵਿੱਚ ਆਉਂਦਾ ਗਿਆ, ਲੋਕ ਵਰਤਮਾਨ ਜਿੰਦਗੀ ਨੂੰ ਜਿਉਣਾ ਭੁੱਲ ਕੇ ਆਉਣ ਵਾਲੇ ਸਮੇਂ ਬਾਰੇ ਸੋਚਣ ਲੱਗੇ, ਆਪਣੇ ਭਵਿੱਖ ਬਾਰੇ ਸੋਚਣ ਲੱਗੇ ਭਵਿੱਖ ਵਾਸਤੇ ਸਭ ਕੁਝ ਜਮਾ ਕਰਨ ਲੱਗੇ ਇਹ ਪਤਾ ਹੁੰਦੇ ਹੋਏ ਵੀ, ਕਿ ਕੱਲ੍ਹ ਹੋਣਾ ਵੀ ਜਾਂ ਨਹੀਂ। ਜਿਵੇਂ ਜਿਵੇਂ ਪੈਸਾ ਲੋਕਾਂ ਦੇ ਕੋਲ ਆਉਂਦਾ ਗਿਆ ਲੋਕ ਇਕ ਦੂਜੇ ਤੋਂ ਦੂਰ ਹੁੰਦੇ ਗਏ। ਪੈਸਾ ਬਣਿਆ ਤਾਂ ਲੋਕਾਂ ਦੇ ਵਰਤਣ ਲਈ ਸੀ ਪਰ ਪੈਸਾ ਹੀ ਲੋਕਾਂ ਨੂੰ ਵਰਤਨ ਲੱਗਾ। ਸ਼ਾਇਦ ਪਹਿਲਾਂ ਪੈਸਾ ਨਹੀਂ ਸੀ ਇਸ ਕਰਕੇ ਲੋਕ ਇਕੱਠੇ ਰਹਿੰਦੇ ਹੋਵਣਗੇ। ਜਾਂ ਫੇਰ ਇੰਝ ਕਹਿ ਸਕਦੇ ਹਾਂ ਕਿ ਉਦੋ ਪਿਆਰ ਹੀ ਏਨਾ ਸੀ ਲੋਕਾਂ ਦਾ, ਆਪਸ ਵਿੱਚ।
ਅਜਕਲ ਪੈਸਾ ਹੀ ਸਭ ਕੁਝ ਹੈ, ਇਹ ਪੈਸੇ ਦੇ ਅੱਗੇ ਸਭ ਰਿਸ਼ਤੇ ਨਾਤੇ ਫਿੱਕੇ ਹਨ ਤੇ ਸਭ ਰਿਸ਼ਤੇ ਵੀ ਇਸ ਉੱਤੇ ਹੀ ਖੜ੍ਹੇ ਹਨ ਤੇ ਇਸ ਨਾਲ ਹੀ ਨਿਭਦੇ ਜਾਪਦੇ ਹਨ। ਪੈਸਾ ਮਾੜਾ ਤਾਂ ਬਿਲਕੁਲ ਵੀ ਨਹੀਂ ਹੈ ਤੇ ਨਾ ਹੀ ਮਾੜਾ ਹੋ ਸਕਦਾ ਪਰ ਇਸਦਾ ਲਾਲਚ, ਇਸਦਾ ਹੰਕਾਰ ਤੇ ਇਸਦੀ ਭੁੱਖ ਬਹੁਤ ਹੀ ਮਾੜੇ ਹਨ ਤੇ ਇਹ ਸਮੇਂ ਦੇ ਨਾਲ ਹੋਰ ਵੀ ਵਧਦੇ ਜਾਂਦੇ ਹਨ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਾਰੀ ਦੁਨੀਆ ਹੀ ਇਸਦੀ ਆਦਿ ਹੋ ਗਈ ਹੈ, ਕੁਝ ਹਨ ਅੱਜ ਵੀ ਜਿਨ੍ਹਾਂ ਲਈ ਇਹ ਸਭ ਕੁਝ ਵੀ ਨਹੀਂ, ਉਹ ਆਪਣੀ ਤੇ ਆਪਣੇ ਰਿਸ਼ਤਿਆਂ, ਆਪਣੀ ਕੌਮ ਤੇ ਭਾਈਚਾਰੇ ਦੀ ਅਹਿਮੀਅਤ ਨੂੰ ਜਾਣਦੇ ਹਨ। ਜਿਨ੍ਹਾਂ ਦੇ ਲਈ ਦਿਲ ਦੀ ਦੌਲਤ ਦੇ ਨਾਲੋ ਬੈਂਕ ਖਾਤਿਆਂ ਦੀ ਦੌਲਤ ਪਿਆਰੀ ਹੋਵੇ ਓਹ ਕਦੇ ਵੀ ਕਿਸੇ ਨਾਲ ਦਿਲੋ ਨਹੀਂ ਨਿਭ ਸਕਦੇ ਤੇ ਓਹਨਾ ਦੇ ਲਈ ਪੈਸਾ ਹੀ ਸਭ ਕੁਝ ਹੈ।
ਪੈਸੇ ਤੋਂ ਸ਼ੁਰੂ ਹੋਈਆਂ ਸਾਰੀਆਂ ਹੀ ਲਿਹਾਜ਼ਾ ਪੈਸੇ ਦੇ ਨਾਲ ਹੀ ਨਿਭਦੀਆਂ ਹਨ, ਪੈਸੇ ਦੀ ਬਹੁਤਾਤ ਦੇ ਨਾਲ ਹੋਰ ਗੂੜ੍ਹੀਆਂ ਹੋ ਜਾਂਦੀਆਂ ਹਨ ਤੇ ਪੈਸੇ ਦੇ ਨਾਲ ਹੀ ਸਮਾਪਤ।
ਪੈਸਾ ਸਭ ਕੁਝ ਦੇ ਸਕਦਾ ਹੈ ਸਿਵਾਏ ਦਿਲਹੋਂ ਮੁਹੱਬਤ ਦੇ, ਸਿਵਾਏ ਸੁੱਖ ਚੈਨ ਵਾਲੀ ਨੀਂਦ ਦੇ।
ਜਦੋਂ ਸਾਨੂੰ ਇੱਕ ਦੂਜੇ ਦੇ ਨਾਲ ਦਿਲੋ ਨਿਭਣਾ ਆ ਗਿਆ ਤਾਂ ਸਾਨੂੰ ਇਹ ਪੈਸਾ ਬਗੈਰਾ ਕੁਝ ਵੀ ਨਹੀਂ ਜਾਪਣਾ, ਇੰਝ ਜਾਪੇਗਾ ਜਿਵੇਂ ਕਿ ਇਹ ਸਭ ਕੁੱਝ ਤੁਸ਼ ਚੀਜਾਂ ਨੇ ਤੇ ਅਸੀ ਤਾਂ ਬਣੇ ਹੀ ਪਿਆਰਾਂ ਲਈ ਹਾਂ ਤੇ ਸਾਨੂੰ ਸਮਝ ਆ ਜਾਵੇਗੀ ਕਿ ਅਸੀਂ ਜ਼ਿੰਦਗੀ ਕਿਵੇਂ ਜਿਉਣੀ ਹੈ।
ਧੰਨਵਾਦ