ਪਿਆਰ ਦੀ ਖੇਤੀ
ਜਦ ਪਿਆਰ ਦੀ ਖੇਤੀ ਸ਼ੁਰੂ ਮੈਂ ਕੀਤੀ
ਬੜੀ ਸੁਹਾਨੀ ਰੁੱਤ ਸੀ ਬੀਤੀ
ਏਸ ਫਸਲ ਦਾ ਚੋਖਾ ਮੁੱਲ ਸੀ
ਭੌਰੇ ਉੱਤੇ ਡੁੱਲ੍ਹ ਗਏ ਫੁੱਲ ਸੀ।
ਸਾਵਣ ਦੇ ਕਈ ਬੱਦਲ ਵਰਦੇ
ਸੱਜਣ ਵੀ ਸੀ ਹਾਮੀਂ ਭਰਦੇ
ਕੋਇਲਾਂ ਦੇ ਜਦ ਬੋਲ ਕੂਕਦੇ
ਰੂਹਾਂ ਦੇ ਵਿੱਚ ਜੋਸ਼ ਫੂਕਦੇ।
ਦਿਲ ਦਾ ਵਿਹੜਾ ਹਰਾ ਭਰਾ ਸੀ
ਲੱਗਦਾ ਸੌਦਾ ਬੜਾ ਖਰਾ ਸੀ
"ਪ੍ਰੇਮ ਧਰਮਪੁਰੇ" ਖੂਬ ਨਿਭਾਇਆ
ਆਸਾਂ ਦਾ ਸੀ ਪਾਣੀ ਪਾਇਆ।
ਫਸਲ ਪੱਕਣ ਦਾ ਬੜਾ ਹੀ ਚਾਅ ਸੀ
ਘਰ ਮੇਰੇ ਦਾ ਖੁੱਲ੍ਹਾ ਰਾਹ ਸੀ
ਜਾਨ ਲਗਾ ਕੇ ਕੀਤੀ ਰਾਖੀ
ਹੋਣ ਨਾ ਦਿੱਤੀ ਕੋਈ ਗੁਸਤਾਖੀ
ਪਰ
ਵਾਂਗ ਪਪੀਹੇ ਰੂਹ ਤਰਸਾਉਣਾ
ਪੱਕੀ ਫਸਲ ਤੇ ਮੀਂਹ ਵਰਸਾਉਣਾ
ਰੱਬ ਦਾ ਮੁੱਢ ਤੋਂ ਸ਼ੌਂਕ ਰਿਹਾ ਏ
ਰੱਬਾ ਤੇਰਾ ਏਹ ਸ਼ੌਂਕ ਕੇਹਾ ਏ ?
PREM DHARAMPURA
Prem Dharampura Shayri |
ਪਿਆਰ ਦੋ ਰੂਹਾਂ, ਦੋ ਮਿਜ਼ਾਜ਼ਾਂ ਦਾ ਮੇਲ ਹੀ ਤਾਂ ਹੈ ਤੇ ਇਸਦੇ ਵਿਚ ਹੋਰ ਬਹੁਤ ਸਾਰੀਆਂ ਖੂਬੀਆਂ ਮਿਲ ਜਾਂਦੀਆਂ ਹਨ ਪਰ ਕਹਿੰਦੇ ਹਨ ਕਿ ਜਿੱਥੇ ਸਾਡੇ ਸੁਭਾਅ, ਸਾਡੇ ਕੰਮ, ਸਾਡੇ ਹਾਵ ਭਾਵ, ਸਾਡੇ ਜਜ਼ਬਾਤ ਤੇ ਸਾਡੀਆਂ ਰੂਹਾਂ ਆਪਸ ਵਿੱਚ ਮਿਲ ਜਾਂਦੀਆਂ ਹਨ ਓਥੇ ਕਈ ਵਾਰ ਸਾਡੀ ਕਿਸਮਤ ਨਹੀਂ ਮਿਲਦੀ ਸਭ ਕੁਝ ਚੰਗਾ ਹੋਣ ਤੇ ਵੀ ਕਈ ਵਾਰ ਸਾਡੀ ਕਿਸਮਤ ਮਾੜੀ ਨਿੱਕਲ ਜਾਂਦੀ ਹੈ ਜੋ ਇਸ ਸਾਰੇ ਬਣੇ ਬਣਾਏ ਮੇਲ ਨੂੰ ਹੀ ਬੇਮੇਲ ਕਰ ਦਿੰਦੀ ਹੈ ਅਜਿਹਾ ਬਹੁਤ ਹੀ ਜਿਆਦਾ ਦੇਖਣ ਨੂੰ ਮਿਲਦਾ ਹੈ ਕਿ ਸਾਰੀ ਗੱਲ ਕਿਸਮਤ ਤੇ ਆ ਕੇ ਰੁਕ ਤੇ ਮੁੱਕ ਜਾਂਦੀ ਹੈ ਕਿ ਕਿਸਮਤ ਨੇ ਇਕੱਠੇ ਨਹੀਂ ਹੋਣ ਦਿੱਤਾ।
ਕਹਿੰਦੇ ਹਨ ਕਿ ਇਸ ਜਹਾਨ ਉੱਤੇ ਪਿਆਰ ਦੇ ਦੁਸ਼ਮਣ ਬਹੁਤ ਹਨ ਜੋ ਕਿ ਦੋ ਰੂਹਾਂ ਨੂੰ ਇੱਕਠੇ ਹੁੰਦਿਆਂ ਦੇਖ ਹੀ ਨਹੀਂ ਸਕਦੇ ਤੇ ਵੱਖ ਕਰਨ ਲਈ ਆਪਣੀ ਭੂਮਿਕਾ ਨਿਭਾਉਂਦੇ ਹਨ, ਤੇ ਕਈ ਵਾਰ ਏਦਾਂ ਹੁੰਦਾ ਹੈ ਕਿ ਇਹ ਜੋ ਵੱਖ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਹੁੰਦੇ ਹਨ ਜਾਂ ਤਾਂ ਇਹ ਆਪ ਓਹਨਾ ਵਿਚੋਂ ਕਿਸੇ ਇੱਕ ਨੂੰ ਅਪਣਾਉਣ ਦੀ ਚਾਹਨਾ ਵਿੱਚ ਹੁੰਦੇ ਹਨ ਤੇ ਜਾਂ ਇਹ ਕਿਸੇ ਨੂੰ ਇੱਕ ਹੁੰਦਾ ਦੇਖ ਨਹੀਂ ਸਕਦੇ। ਪਰ ਕਈ ਵਾਰ ਏਦਾਂ ਹੁੰਦਾ ਹੈ ਕਿ ਸਾਨੂੰ ਕੋਈ ਵੱਖ ਕਰਨ ਵਾਲਾ ਪਾਤਰ (ਵਿਅਕਤੀ) ਵੀ ਨਹੀਂ ਹੁੰਦਾ ਤੇ ਫੇਰ ਵੀ ਸਾਨੂੰ ਸਮਾਂ ਆਉਣ ਤੇ ਵੱਖ ਹੋਣਾ ਪੈਂਦਾ ਹੈ ਅਜਿਹੇ ਵਿੱਚ ਕੀ ਹੁੰਦਾ ਹੈ ਕਿ ਜਾਂ ਤਾਂ ਕੋਈ ਮਜ਼ਬੂਰੀ ਛੁਪੀ ਹੋਈ ਹੁੰਦੀ ਹੈ ਤੇ ਜਾਂ ਕੋਈ ਕਿਸਮਤ ਦਾ ਹੀ ਖੇਡ, ਪਰ ਜਿਹੜੀ ਮਜ਼ਬੂਰੀ ਵਾਲੀ ਗੱਲ ਆਪਾਂ ਨੇ ਕੀਤੀ ਹੈ ਉਹ ਵੀ ਕਿਸਮਤ ਦੀ ਖੇਡ ਦਾ ਹੀ ਹਿੱਸਾ ਹੈ।
ਪਿਆਰ ਇੱਕ ਕਿਰਤ ਹੀ ਤਾਂ ਹੈ ਇੱਕ ਖੇਤੀ ਜਾਂ ਇੱਕ ਪੌਦੇ ਦੀ ਤਰਾਂ ਹੀ ਇਸਦੀ ਰੱਖਿਆ ਕੀਤੀ ਜਾਵੇ ਤਾਂ ਚੰਗਾ ਹੈ ਅਗਰ ਇਸਨੂੰ ਜ਼ਮਾਨੇ ਦੀ ਗਰਮ ਲੋਅ ਲੱਗ ਗਈ ਤਾਂ ਇਹ ਜਲਦੀ ਹੀ ਮੁਰਝਾ ਜਾਵੇਗਾ ਇਸਨੂੰ ਇੱਕ ਪੌਦੇ, ਇਕ ਬੱਚੇ ਦੀ ਤਰਾਂ ਲੋਕਾਂ ਤੇ ਦੁਨੀਆਂ ਦਾਰੀ ਤੋਂ ਬਚਾਉਣਾ ਚਾਹੀਦਾ ਹੈ। ਕਹਿੰਦੇ ਹਨ ਕਿ ਪਿਆਰ ਦਾ ਪੜਾਅ ਬਿਲਕੁਲ ਹੀ ਸਾਵਣ ਮਹੀਨੇ ਦੀ ਤਰਾਂ ਹੁੰਦਾ ਹੈ, ਗਰਮੀਆਂ ਦੇ ਮੌਸਮ ਵਿੱਚ ਵੀ ਇੱਕ ਠੰਡੀ ਜਿਹੀ ਮਾਨਸੂਨ ਵਾਲੀ ਹਵਾ ਦੇ ਅਹਿਸਾਸ ਵਾਂਗੂ, ਗਰਮੀਆਂ ਵਿੱਚ ਮੁਰਝਾਏ ਹੋਏ ਸਾਰੇ ਹੀ ਫੁੱਲ ਬੂਟੇ ਮਹਿਕ ਉਠਦੇ ਹਨ ਤੇ ਤਾਹੀਂ ਤਾਂ ਏਸ ਮਹੀਨੇ ਤੀਆਂ ਸੋਹੰਦੀਆਂ ਹਨ ਨਹੀਂ ਤਾਂ ਗਰਮ ਹਵਾ ਨਾਲ ਕੁੜੀਆਂ ਦੇ ਚੇਹਰੇ ਨਾ ਮੁਰਝਾ ਜਾਣ। ਇਸ ਮੌਸਮ (ਪਿਆਰ ਦੇ ਪੜਾਅ) ਵਿਚ ਵੀ ਸਾਵਣ ਦੇ ਮਹੀਨੇ ਵਾਂਗੂ ਭੌਰੇ ਮਸਤ ਤੇ ਆਪਾ ਵਾਰਨ ਲਈ ਤਿਆਰ ਹੁੰਦੇ ਹਨ। ਸੱਚਮੁੱਚ ਹੀ ਅਣਮੁੱਲਾ ਹੁੰਦਾ ਹੈ ਇਹ ਪੜਾਅ ਵੀ ਪਰ ਸਾਵਣ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਪਰ ਇਸ ਪਿਆਰ ਦੀ ਫ਼ਸਲ ਦੇ ਪੱਕਣ ਦਾ ਬਹੁਤ ਹੀ ਚਾਅ ਹੁੰਦਾ ਹੈ ਪਰ ਪਿਆਰ ਦੀ ਫ਼ਸਲ ਦੇ ਪੱਕਣ ਸਮੇਂ ਜੇ ਬੇਮੌਸਮੀ ਬਾਰਿਸ਼ ਹੋ ਜਾਵੇ ਤਾਂ ਕਿਸਮਤ ਨੂੰ ਹੀ ਉਲਾਂਭਾ ਹੁੰਦਾ ਹੈ।
ਧੰਨਵਾਦ