ਝਿੜਕਾਂ
ਪਿਆਰ ਮੇਰੇ ਨਾ ਤੂੰ ਪਾਇਆ
ਮੈਨੂੰ ਛੱਡ ਕੇ ਨਾਂਹ ਜਾਵੀਂ
ਰੋਗ ਜਿਹੜਾ ਮੈਨੂੰ ਲਾਇਆ
ਹੋਰ ਕਿਸੇ ਨੂੰ ਨਾਂਹ ਲਾਵੀਂ
ਤੇਰੇ ਲਾਏ ਜਖਮਾਂ ਦਾ
ਦੁੱਖ ਝੱਲਿਆ ਨਾ ਜਾਵੇ
ਦਿਨੇ ਖਾਂਦੀ ਮਾਂ ਤੋਂ ਝਿੜਕਾਂ
ਨੀਂਦ ਰਾਤ ਨੂੰ ਨਾਂਹ ਆਵੇ।
ਦਗਾ ਦੇ ਜਾਵੇ ਯਾਰ
ਫੇਰ ਨੀਂਦ ਕਿੱਥੇ ਆਵੇ
ਇੱਕ ਮਰ ਵੀ ਨੀ ਹੁੰਦਾ
ਦੂਜਾ ਚੈਨ ਨਾਂਹ ਆਵੇ
ਯਾਦ ਤੇਰੀ ਵੇ ‘ਪ੍ਰੇਮ’
ਮੈਨੂੰ ਵੱਢ ਵੱਢ ਖਾਵੇ
ਦਿਨੇ ਖਾਂਦੀ ਮਾਂ ਤੋਂ ਝਿੜਕਾਂ
ਨੀਂਦ ਰਾਤ ਨੂੰ ਨਾਂਹ ਆਵੇ।
PREM DHARAMPURA
Prem Dharampura |
ਪਿਆਰ ਮੁਹੱਬਤ ਤੇ ਇਸ਼ਕ ਸਾਨੂੰ ਆਪਾ ਖੋ ਦੇਣਾ ਜਾਂ ਆਪਾ ਵਾਰ ਦੇਣਾ ਸਿਖਾਉਂਦਾ ਹੈ, ਪਿਆਰ ਸਾਨੂੰ ਕਿਸੇ ਰੂਹ ਦੇ ਸਾਥੀ ਜਾਂ ਜਿੰਦ ਦੇ ਹਮਸਫ਼ਰ ਦੀ ਕਦਰ ਕਰਨੀ ਸਿਖਾਉਂਦਾ ਹੈ।
ਆਪਾ ਹਰ ਇੱਕ ਲਈ ਨਹੀਂ ਵਾਰਿਆ ਜਾ ਸਕਦਾ ਤੇ ਹਰ ਇੱਕ ਦੀ ਕਦਰ ਵੀ ਨਹੀਂ ਕੀਤੀ ਜਾ ਸਕਦੀ ਬਸ ਇਹ ਸਭ ਅਸੀ ਆਪਣੇ ਚਹੇਤੇ ਲਈ ਹੀ ਕਰ ਸਕਦੇ ਹਾਂ ਚਾਹੇ ਅਸੀਂ ਓਸਨੂੰ ਮਿਜਾਜ਼ੀ ਤੌਰ ਤੇ ਚਾਹੁੰਦੇ ਹੋਈਏ ਤੇ ਚਾਹੇ ਹਕੀਕੀ ਤੌਰ ਤੇ।
ਕਦੇ ਕਦੇ ਤਾਂ ਇੰਝ ਹੁੰਦਾ ਹੈ ਕਿ ਅਸੀਂ ਪਿਆਰ ਕਰਨ ਵਾਲੇ (ਸਾਡੇ ਚਹੇਤੇ) ਲਈ ਸਾਰਾ ਦਿਨ ਹੀ ਸੋਚਦੇ ਰਹਿੰਦੇ ਹਾਂ ਤੇ ਆਪਣਾ ਸੁੱਦ ਤੇ ਬੁੱਧ ਦੋਨੋ ਹੀ ਖੋ ਦੇਂਦੇ ਹਾਂ ਬਸ ਸਭ ਪਾਸੇ ਸਾਨੂੰ ਓਹੀ ਨਜ਼ਰ ਆਉਂਦਾ ਹੈ ਜਿਸਨੂੰ ਅਸੀਂ ਆਪਣਾ ਮੰਨ ਚੁੱਕੇ ਹੁੰਨੇ ਆਂ ਤੇ ਜਿਸਦੇ ਅਸੀਂ ਕੋਲ ਰਹਿਣਾ ਲੋਚਦੇ ਹਾਂ।
ਫਿਰ ਦਿਨ ਕੀ ਤੇ ਰਾਤ ਕੀ ਸਾਨੂੰ ਓਸ ਦੇ ਹੀ ਖਿਆਲ ਆਉਂਦੇ ਆ ਹਰ ਥਾਂ ਤੇ ਓਹਦੇ ਹੀ ਦੀਦਾਰ ਹੁੰਦੇ ਆ ਹਰ ਪਾਸੇ ਤੇ ਹਰ ਚੀਜ਼ ਵਿੱਚ, ਤੇ ਇਹ ਸਾਡੀ ਮਾਨਸਿਕਤਾ ਨੂੰ ਓਹਦੇ ਨਾਲ ਜੋੜੀ ਹੋਣ ਕਰਕੇ ਹੀ ਹੁੰਦਾ ਹੈ। ਸਾਰਾ ਹੀ ਜਹਾਨ ਸਾਨੂੰ ਆਪਣਾ ਆਪਣਾ ਲਗਦਾ ਹੈ ਤੇ ਐਵੇਂ ਲਗਦਾ ਹੈ ਜਿਵੇਂ ਕਿ ਦੁਨੀਆਂ ਵਿਚ ਸਾਡਾ ਹਿੱਸਾ ਪੈ ਗਿਆ ਹੋਵੇ। ਜਿਵੇਂ ਆਖਦੇ ਆ ਕਿ ਪਿਆਰ ਹੋ ਜਾਣ ਦੀ ਅਵਸਥਾ ਵਿੱਚ ਸਭ ਕੁਝ ਰੰਗੀਨ ਰੰਗੀਨ ਜਿਹਾ ਲੱਗਦਾ ਹੈ ਬਿਲਕੁਲ ਏਦਾਂ ਹੀ ਹੁੰਦਾ ਹੈ ਸਭ ਕੁਝ ਖਿੜਿਆ ਖਿੜਿਆ ਜਿਹਾ ਪ੍ਰਤੀਤ ਹੁੰਦਾ ਹੈ ਹਰ ਇੱਕ ਸ਼ੈ ਨੂੰ ਜੱਫੀ ਪਾ ਕੇ ਕੂਕਣ ਨੂੰ ਜੀਅ ਕਰਦਾ ਹੈ, ਜੱਫੀ ਪਾ ਕੇ ਗੀਤ ਗਾਉਣ ਨੂੰ ਜੀਅ ਕਰਦਾ ਹੈ, ਜੱਫੀ ਪਾ ਕੇ ਨੱਚਣ ਨੂੰ ਜੀਅ ਕਰਦਾ ਹੈ; ਤਾਂ ਦੱਸੋ ਕੀ ਇਹ ਨਸ਼ਾ ਨਹੀਂ? ਜੀ ਲਗਦਾ ਤਾਂ ਇੰਝ ਹੀ ਹੈ ਕਿ ਇਹ ਨਸ਼ਾ ਹੀ ਹੈ ਪਰ ਇਹ ਨਸ਼ਾ ਉਸਾਰੂ ਹੋ ਸਕਦਾ ਹੈ।
ਸੱਚ ਮੁੱਚ ਹੀ ਇਨਸਾਨ ਗਾਉਂਦਾ ਗਾਉਂਦਾ ਦਿਖਾਈ ਦੇਂਦਾ ਹੈ ਜਿਵੇਂ ਕਿ ਕਪੂਰ ਜੀ ਕਹਿੰਦੇ ਹਨ ਕਿ ਪਿਆਰ ਦੀ ਅਵਸਥਾ ਵਿੱਚ ਹਰ ਇਕ ਵਿਅਕਤੀ ਇੱਕ ਕਵੀ ਹੁੰਦਾ ਹੈ। ਬਿਲਕੁਲ ਓਸ ਤਰਾਂ ਹੀ ਨਵੇਂ ਨਵੇਂ ਹਰਫ਼ ਸਾਡੇ ਦਿਲ ਵਿਚ ਸਾਡੇ ਲਬਾਂ ਉੱਤੇ ਘਰ ਬਣਾ ਲੈਂਦੇ ਹਨ ਤੇ ਆਪਣੇ ਆਪ ਸਾਡੇ ਮਹਿਬੂਬ ਦੀ ਤਾਰੀਫ਼ ਲਈ ਸੁਰ ਬਣ ਜਾਂਦੇ ਹਨ ਤਾਂ ਦੱਸੋ ਕਿ ਇਸ ਤੋਂ ਵੱਡਾ ਉਸਾਰੂ ਨਸ਼ਾ ਹੋਰ ਕੀ ਹੋ ਸਕਦਾ ਹੈ?
ਪਿਆਰ ਦੀ ਅਵਸਥਾ ਵਿੱਚ ਰਹਿਣ ਵਾਲਾ ਵਿਅਕਤੀ ਹਰ ਇੱਕ ਨੂੰ ਭਾਅ ਜਾਂਦਾ ਹੈ ਕਿਉਂਕਿ ਉਸਦੇ ਚਿਹਰੇ ਤੇ ਇਹ ਪਿਆਰ ਵਾਲੀ ਝਲਕ ਦੇਖ ਕੇ, ਇਹ ਰੂਹਾਨੀਅਤ ਦਾ ਨੂਰ ਦੇਖ ਕੇ ਹਰ ਕੋਈ ਉਸ ਵੱਲ ਖਿੱਚਿਆ ਜਾਂਦਾ ਹੈ ਤੇ ਉਸਤੋਂ ਆਪਾ ਵਾਰਨ ਵਾਲੇ ਹੋਰ ਬਹੁਤ ਤਿਆਰ ਹੋ ਜਾਂਦੇ ਹਨ।
ਇਹ ਇੱਕ ਊਰਜਾ ਹੁੰਦੀ ਹੈ ਤੇ ਇਸਦਾ ਸਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਤੇ ਪੂਰੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਸ ਊਰਜਾ ਤੋਂ ਜੇਕਰ ਸਹੀ ਕੰਮ ਲਿਆ ਜਾਵੇ ਤਾਂ ਇਹ ਤੁਹਾਨੂੰ ਇੱਕ ਕਾਬਿਲ ਇਨਸਾਨ ਬਣਾ ਸਕਦੀ ਹੈ ਨਹੀਂ ਤਾਂ ਇਸ ਮਦਹੋਸ਼ੀ ਵਿਚ ਜਿੰਦਗੀ ਪਾਣੀ ਦੀ ਤਰਾਂ ਲੰਘ ਹੀ ਜਾਣੀ ਹੈ।
ਧੰਨਵਾਦ