ਪਿਆਰ
ਇੱਕ ਕਿਹਾ ਮੈਨੂੰ ਸੱਜਣਾਂ ਨੇ
ਆਪਾਂ ਵੀ ਪਿਆਰ ਕਮਾ ਲਈਏ
ਜਾਂ ਲੋਕਾਂ ਵਾਂਗੂੰ ਆਪਾਂ ਵੀ
ਇੱਕ ਸਰਨੇਮ ਬਣਾ ਲਈਏ
ਮੈੰ ਵਰਤ ਰੱਖੂੰਗੀ ਤੇਰੇ ਲਈ
ਤੂੰ ਕਰੀਂ ਦੁਆਵਾਂ ਮੇਰੇ ਲਈ
ਇਸ ਬਾਕੀ ਰਹਿੰਦੀ ਜਿੰਦਗੀ ਨੂੰ
ਇੱਕ ਸੁਰਗ ਬਣਾ ਲਈਏ।
ਮੈਂ ਕਿਹਾ ਚੰਨੀਏ ਮੇਰੇ ਲਈ
ਸਭ ਲੋਕ ਬਰਾਬਰ ਇੱਕੋ ਨੇ
ਕੋਈ ਨਫਰਤ ਜਾਂ ਫਿਰ ਪਿਆਰ ਕਰੇ
ਮੇਰੇ ਲਈ ਸਭ ਇੱਕੋ ਨੇ
ਕੋਈ ਫੁੱਲ ਕੇਰਦਾ ਰਾਹਾਂ ਵਿੱਚ
ਕੋਈ ਸੂਲਾਂ ਆਣ ਵਿਛਾ ਦੇਵੇ
ਮੇਰੇ ਲਈ ਸਭ ਇੱਕੋ ਨੇ
ਫਿਰ ਦੱਸਦੇ ਸੱਜਣਾ ਤੈਨੂੰ ਹੀ
ਕਿਉਂ ਸਾਰਾ ਪਿਆਰ ਜਿਤਲਾ ਦੇਵਾਂ
ਦਿਲ ਯਾਰਾਂ ਦੇ ਲਈ ਧੜਕੇ ਜੋ
ਕਿਉਂ ਝੋਲੀ ਤੇਰੀ ਪਾ ਦੇਵਾਂ
ਅੱਜ ਸਭ ਲੋਕਾਂ ਦਾ “ਪ੍ਰੇਮ” ਹਾਂ ਮੈਂ
ਕਿਉਂ ਬੱਸ ਹਿੱਸੇ ਤੇਰੇ ਆ ਜਾਵਾਂ।
PREM DHARAMPURA
Prem Dharampura |
ਪਿਆਰ ਰੂਹਾਨੀਅਤ ਨੂੰ ਦੇਖਦਾ ਹੈ, ਪਿਆਰ ਆਤਮਾ ਨੂੰ ਦੇਖਦਾ ਹੈ, ਪਿਆਰ ਅੰਦਰੂਨੀ ਸੁਹੱਪਣ ਨੂੰ ਦੇਖਦਾ ਹੈ। ਇਹ ਕਦੇ ਵੀ ਜਾਤ ਮਜਹਬ ਨੂੰ ਨਹੀਂ ਦੇਖਦਾ, ਇਹ ਕਦੇ ਵੀ ਸਿਰਫ ਸੋਹਣੀ ਸੂਰਤ ਨੂੰ ਨਹੀਂ ਦੇਖਦਾ, ਇਹ ਕਦੇ ਵੀ ਉਮਰ ਨੂੰ ਨਹੀਂ ਦੇਖਦਾ। ਜਿਵੇਂ ਕਿ ਕਹਿੰਦੇ ਹਨ ਕਿ ਮੌਤ ਕੁਝ ਵੀ ਨਹੀਂ ਦੇਖਦੀ ਬਿਲਕੁਲ ਓਸ ਤਰਾਂ ਹੀ ਇਹ ਪਿਆਰ ਵੀ ਕੁਝ ਨਹੀਂ ਦੇਖਦਾ, ਮੌਤ ਨਾਲ ਜਿੰਦਗੀ ਖਤਮ ਹੁੰਦੀ ਹੈ ਤੇ ਇਸ ਪਿਆਰ ਨਾਲ ਇਕ ਨਵੀਂ ਜਿੰਦਗੀ ਸ਼ੁਰੂ ਹੁੰਦੀ ਹੈ, ਮੌਤ ਸਭ ਕੁਝ ਖੋਹ ਲੈਂਦੀ ਹੈ ਤੇ ਪਿਆਰ ਬਹੁਤ ਕੁਝ ਦੇ ਦਿੰਦਾ ਹੈ।
ਸੋ ਇੱਕ ਅੱਲ੍ਹੜ ਉਮਰ ਦੇ ਵਿਚ ਪਿਆਰ ਦਾ ਹੋ ਜਾਣਾ ਸੁਭਾਵਿਕ ਹੀ ਹੈ ਤੇ ਜੇਕਰ ਇਹ ਪਹਿਲਾ ਪਹਿਲਾ ਹੀ ਹੋਵੇ ਤਾਂ ਗੱਲ ਹੀ ਕੁਝ ਹੋਰ ਹੈ ਕਿਉਂਕਿ ਓਦੋ ਕੋਈ ਤਜੁਰਬਾ ਸਾਡੇ ਕੋਲ ਨਹੀਂ ਹੁੰਦਾ, ਓਦੋਂ ਸਾਨੂੰ ਕੁਝ ਵੀ ਗਲਤ ਹੋ ਜਾਣ ਦੀ ਉਮੀਦ ਹੀ ਨਹੀਂ ਹੁੰਦੀ ਕਿਉਂਕਿ ਇਹ ਸਭ ਪਹਿਲੀ ਵਾਰ ਹੀ ਤਾਂ ਵਾਪਰ ਰਿਹਾ ਹੁੰਦਾ ਹੈ।
ਜਰੂਰੀ ਨਹੀਂ ਕਿ ਇਹ ਪਿਆਰ ਦੋਨੋ ਤਰਫੋਂ ਹੀ ਹੋਵੇ, ਜਰੂਰੀ ਨਹੀਂ ਕਿ ਇਹ ਦੋਨੋ ਤਰਫੋਂ ਇੱਕੋ ਜਿਹਾ ਹੀ ਹੋਵੇ, ਪਰ ਦੋਨੋ ਤਰਫੋਂ ਇੱਕੋ ਜਿਹਾ ਮਿਲ ਜਾਣਾ ਕੋਈ ਸੁਭਾਗ ਹੀ ਹੋ ਸਕਦਾ ਹੈ।
ਪਿਆਰ ਜੇਕਰ ਇਕ ਸ਼ਖ਼ਸੀਅਤ ਨੂੰ ਕੀਤਾ ਜਾਵੇ ਤਾਂ ਇਹ ਮਿਜਾਜ਼ੀ ਪਿਆਰ/ ਇਸ਼ਕ ਹੁੰਦਾ ਹੈ ਤੇ ਆਦਮੀ ਸਿਰਫ ਓਸ ਦਾ ਹੀ ਹੋ ਜਾਂਦਾ ਹੈ ਕਿਉਂਕਿ ਇਹ ਹਿੱਸਿਆਂ ਵਿੱਚ ਇਸ ਪਿਆਰ ਨੂੰ ਵੰਡਿਆ ਨਹੀਂ ਜਾ ਸਕਦਾ, ਪਰ ਜੇਕਰ ਇਹ ਪਿਆਰ ਓਸ ਫੁੱਲ ਦੀ ਮਹਿਕ ਵਰਗਾ ਹੋਵੇ ਜੋ ਓਸਦੇ ਪਾਸੋਂ ਗੁਜਰਨ ਵਾਲੇ ਹਰ ਇੱਕ ਨੂੰ ਮੁਸਕਰਾਉਣ ਲਈ ਪ੍ਰੇਰਦੀ ਹੋਵੇ ਜਾਂ ਓਸਦੇ ਕੋਲ ਰਹਿਣ ਵਾਲਿਆਂ ਦਿਆਂ ਸਾਹਾਂ ਨੂੰ ਮਹਿਕਾਉਣ ਦਾ ਕੰਮ ਕਰੇ ਤੇ ਬਦਲੇ ਵਿੱਚ ਉਸਨੂੰ ਕੁਝ ਵੀ ਨਹੀਂ ਚਾਹੀਦਾ ਹੋਵੇ, ਜਾਂ ਫਿਰ ਇਹ ਪਿਆਰ ਓਸ ਸੂਰਜ ਵਾਂਗੂ ਹੋਵੇ ਜੋ ਸਾਰੀ ਹੀ ਧਰਤੀ ਨੂੰ ਇਕੋ ਜਿਹੀ ਰੌਸ਼ਨੀ ਦਿੰਦਾ ਹੋਵੇ, ਬਸ ਹੋਵੇ ਇੰਨਾ ਕਿ ਉਹ ਬਦਲੇ ਵਿਚ ਕੁਝ ਨਾ ਚਾਹੁੰਦਾ ਹੋਵੇ ਸਿਵਾਏ ਸਭ ਦੀਆਂ ਖੁਸ਼ੀਆਂ ਦੇ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡਾ ਕੋਈ ਹੋਰ ਇਸ਼ਕ ਹੋਵੇਗਾ, ਤੇ ਇਸ ਇਸ਼ਕ ਨੂੰ ਹੀ ਤਾਂ ਕਹਿੰਦੇ ਨੇ ਹਕੀਕੀ ਇਸ਼ਕ ਰੱਬੀ ਇਸ਼ਕ।
ਇਸ ਪਿਆਰ ਵਿਚ ਬੰਦਾ ਕਿਸੇ ਇੱਕ ਦਾ ਨਾਂ ਹੋ ਕੇ ਸਭ ਦਾ ਹੀ ਹੁੰਦਾ ਹੈ ਜਿਵੇਂ ਕਿ ਪਰਿਵਾਰ ਵਿਚ ਇੱਕ ਦਾਦੇ ਜਾਂ ਦਾਦੀ ਦੀ ਨਿਗਾਹ ਵਿੱਚ ਸਾਰਾ ਪਰਿਵਾਰ ਹੀ ਉਸਦਾ ਬੱਚਾ ਹੁੰਦਾ ਹੈ ਤੇ ਆਪਣੇ ਪੁੱਤ ਦੇ ਪੁੱਤ (ਪੋਤੇ) ਲਈ ਵੀ ਓਹੀ ਪਿਆਰ ਹੁੰਦਾ ਹੈ ਜੋ ਕਿ ਆਪਣੇ ਪੁੱਤ ਲਈ।
ਸਿਰਫ ਦੋ ਰੂਹਾਂ ਦਾ ਹੀ ਆਪਸ ਦੇ ਵਿਚ ਮਿਲ ਜਾਣਾ ਜਾਂ ਕਿਸੇ ਇੱਕ ਵਿਅਕਤੀ ਦਾ ਮਿਜ਼ਾਜ ਜਾਂ ਸੁਭਾਅ ਦੇਖ ਕਿ ਪਿਆਰ ਕਰ ਲੈਣਾ, ਇਹ ਮਿਜਾਜ਼ੀ ਪਿਆਰ ਹੁੰਦਾ ਹੈ।
ਧੰਨਵਾਦ ☘️