ਗਮ
ਉਂਝ ਕਿੱਥੇ ਸੀ ਮੈਂ ਲਾਇਕ ਓਸ ਦੇ
ਜੋ ਤੂੰ ਝੋਲੀ ਮੇਰੀ ਪਾ ਦਿੱਤਾ
ਕੌਡੀਆਂ ਦਾ ਸੀ ਮੁੱਲ ਮੇਰਾ
ਤੂੰ ਹੀਰਾ ਆਣ ਬਣਾ ਦਿੱਤਾ।
ਮੇਰੀ ਜਿੰਦਗੀ ਦੇ ਵਿੱਚ ਸੋਹਣੀਏ ਤੂੰ
ਹਾਸੇ ਲੈ ਕੇ ਆਈ ਸੀ
ਤੇ ਜਾਣ ਲੱਗੀ ਨੇ ਦਿਲ ਮੇਰੇ ਨੂੰ
ਕਮਲਾ ਜਿਹਾ ਬਣਾ ਦਿੱਤਾ।
ਚਲੋ ਆਉਣਾ ਜਾਣਾ ਤਾਂ ਰੀਤ ਹੈ ਜੱਗ ਦੀ
ਪਰ ਜਾਂਦੇ ਹੋਇਆਂ ਮੇਰੇ ਤੇ
ਤੂੰ ਹੋਰ ਅਹਿਸਾਨ ਜਤਾ ਦਿੱਤਾ
ਤੂੰ “ਪ੍ਰੇਮ ਧਰਮਪੁਰੇ” ਵਾਲੇ ਨੂੰ
ਰੋਗ ਹਿਜ਼ਰ ਦਾ ਲਾ ਦਿੱਤਾ।
ਮੈਂ ਤਾਂ ਹੱਡੀਆਂ ਦਾ ਇੱਕ ਪੁਤਲਾ ਸੀ
ਪਰ ਤੇਰੇ ਗਮ ਨੇ ਲਿਖਣ ਸਿਖਾ ਦਿੱਤਾ।
ਉਂਝ ਕਿੱਥੇ ਸੀ ਮੈਂ ਲਾਇਕ ਓਸ ਦੇ
ਜੋ ਤੂੰ ਝੋਲੀ ਮੇਰੀ ਪਾ ਦਿੱਤਾ
ਕੌਡੀਆਂ ਦਾ ਸੀ ਮੁੱਲ ਮੇਰਾ
ਤੂੰ ਹੀਰਾ ਆਣ ਬਣਾ ਦਿੱਤਾ।
PREM DHARAMPURA
Prem Dharampura Shayri |
ਗਮ - ਕਹਿੰਦੇ ਹਨ ਕਿ ਗਮ ਅਤੇ ਖੁਸ਼ੀ ਦੋਨੋ ਹੀ ਮਨੁੱਖ ਲਈ ਦਵਾ ਦਾਰੂ ਹਨ ਤੇ ਦੋਨਾਂ ਦੇ ਹੀ ਆਪਣੇ ਆਪਣੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਜਿੱਥੇ ਕਿਤੇ ਖੁਸ਼ੀ ਮਨੁੱਖ ਨੂੰ ਸਰੀਰਕ ਤੌਰ ਤੇ ਨਿਰੋਗ ਬਣਾਉਂਦੀ ਹੈ ਤੇ ਕੁਦਰਤੀ ਸਿਹਤ ਬਖਸ਼ਦੀ ਹੈ ਓਥੇ ਹੀ ਦੁੱਖ ਅਤੇ ਗਮ ਦਾ ਵੀ ਆਪਣਾ ਹੀ ਮਹੱਤਵ ਹੁੰਦਾ ਹੈ, ਗਮ ਮਨੁੱਖ ਨੂੰ ਉਹ ਸਭ ਬਖਸ਼ ਦੇਂਦਾ ਹੈ ਜਿਸਦੀ ਮਨੁੱਖ ਨੂੰ ਇਸਤੋਂ ਉਮੀਦ ਵੀ ਨਹੀਂ ਹੁੰਦੀ, ਪਰ ਇਸਨੂੰ ਸਮਝ ਸਕਣ ਵਾਲਾ ਵਿਅਕਤੀ ਹੀ ਇਸਦਾ ਸਹੀ ਇਸਤੇਮਾਲ ਕਰ ਸਕਦਾ ਹੈ ਜਿਵੇਂ ਕਿ ਕਹਿੰਦੇ ਹਨ ਕਿ ਇੱਕ ਸਿਆਣਾ ਵੈਦ ਓਸ ਘਾਤਕ ਜ਼ਹਿਰ ਨੂੰ ਵੀ ਦਵਾਈ ਦੇ ਰੂਪ ਵਿੱਚ ਬਦਲ ਦਿੰਦਾ ਹੈ ਜਿਸ ਜ਼ਹਿਰ ਦੀ ਇਕ ਬੁੰਦ ਵੀ ਇਨਸਾਨ ਨੂੰ ਮਾਰ ਸਕਦੀ ਸੀ।
ਇਹ ਸਭ ਇਸ ਕਰਕੇ ਹੀ ਸੰਭਵ ਹੋ ਸਕਿਆ ਕਿ ਇਸਦਾ ਸਹੀ ਇਸਤੇਮਾਲ ਹੋ ਸਕਿਆ ਤੇ ਇਹ ਜ਼ਹਿਰ ਕਿਸੇ ਸਹੀ ਵੈਦ ਦੇ ਹੱਥਾਂ ਵਿਚ ਆ ਗਿਆ, ਠੀਕ ਇਸੇ ਤਰ੍ਹਾਂ ਹੀ ਜੇਕਰ ਇਹ ਗਮ ਤੋਂ ਸਹੀ ਕੰਮ ਲਿਆ ਜਾ ਸਕੇ ਤਾਂ ਇਹ ਕੋਈ ਦਵਾ ਦਾਰੂ ਬਣ ਸਕਦਾ ਹੈ।
ਗਮ ਤੋਂ ਉਹ ਸਾਰਾ ਕੰਮ ਲਿਆ ਜਾ ਸਕਦਾ ਹੈ ਜੋ ਕਿਸੇ ਖੁਸ਼ੀ ਤੋਂ ਨਹੀਂ ਲਿਆ ਜਾ ਸਕਦਾ, ਖੁਸ਼ੀ ਸਿਰਫ ਤੇ ਸਿਰਫ ਓਸ ਪਲ ਸਾਨੂੰ ਮੁਸਕਰਾਉਣ ਜੋਗਾ ਕਰ ਸਕਦੀ ਹੈ ਤੇ ਜਾਂ ਫਿਰ ਪਾਈਆ ਖ਼ੂਨ ਚ ਵਾਧਾ ਕਰ ਸਕਦੀ ਹੈ ਤੇ ਬਸ ਸੋਹਣਾ ਲੱਗਣ ਦੇ ਯੋਗ।
ਗਮੀ ਸਾਨੂੰ ਇੱਕ ਊਰਜਾ ਦੇ ਸਕਦੀ ਹੈ ਜਿਸਨੂੰ ਅਸੀਂ ਕਿਸੇ ਵੀ ਕੰਮ ਨੂੰ ਕਰਨ ਲਈ ਵਰਤ ਸਕਦੇ ਹਾਂ, ਇਸ ਊਰਜਾ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਸਾਨੂੰ ਜਰੂਰ ਕੁਝ ਨਾ ਕੁਝ ਬਣਾ ਸਕਦੀ ਹੈ, ਇਸ ਗਮ ਨੇ ਬਹੁਤ ਹੀ ਮਹਾਨ ਹਸਤੀਆਂ ਨੂੰ ਜਨਮ ਦਿੱਤਾ ਹੈ ਤੇ ਤਰਸ਼ਿਆ ਵੀ ਹੈ।
ਕਿਸੇ ਮਹਿਬੂਬ ਤੋਂ ਮਿਲਣ ਵਾਲੇ ਧੋਖੇ ਰੂਪੀ ਗਮ ਨੇ ਬਹੁਤ ਹੀ ਸਾਰੇ ਲੇਖਕਾਂ , ਸ਼ਾਇਰਾਂ ਨੂੰ ਜਨਮ ਦਿੱਤਾ ਹੈ ਇਸਨੇ ਪਤਾ ਹੀ ਨਹੀਂ ਕਿ ਕਿੰਨੀਆਂ ਕਿ ਹਸਤੀਆਂ ਨੂੰ ਸਾਡੇ ਵਿਚਕਾਰ ਕੁਝ ਬਣਾ ਕੇ ਵਿਚਾਰਿਆ ਹੈ।
ਇਸ ਊਰਜਾ ਦਾ ਫਾਇਦਾ ਹਰ ਕੋਈ ਵਿਅਕਤੀ ਨਹੀਂ ਲੈ ਸਕਦਾ, ਹਰ ਕੋਈ ਗਮ ਦਾ ਮਾਰਿਆ ਵਿਅਕਤੀ ਸ਼ਾਇਰ ਨਹੀਂ ਬਣ ਸਕਦਾ ਇਸ ਸਮੇਂ ਤੇ ਵਿਅਕਤੀ ਨੂੰ ਕੁਝ ਵੀ ਨਹੀਂ ਸੁਝਦਾ ਕਿ ਉਹ ਕਰੇ ਤਾਂ ਕੀ ਕਰੇ, ਪਰ ਕੁਝ ਲੋਕ ਹੀ ਇਸ ਊਰਜਾ ਦਾ ਸਹੀ ਇਸਤੇਮਾਲ ਕਰ ਸਕਦੇ ਹਨ, ਚਾਹੇ ਓਹ ਕਿਸੇ ਵੀ ਖੇਤਰ ਵਿਚ ਤਰੱਕੀ ਕਿਉਂ ਨਾ ਕਰਨ? ਇਸ ਸਭ ਦੇ ਪਿੱਛੇ ਇਸ ਊਰਜਾ ਦਾ ਹੱਥ ਜ਼ਰੂਰ ਹੁੰਦਾ ਹੈ ਭਾਵ ਕਿ ਇਹ ਸਭ ਕੁਝ ਹਾਲਾਤਾਂ ਚੋਂ ਹੀ ਉਪਜਦਾ ਹੈ ਤੇ ਇਹ ਹਾਲਾਤ ਗ਼ਮਾਂ ਦੀ ਹੀ ਉਪਜ ਹੋ ਸਕਦੇ ਹਨ ਜਾਂ ਕਿਸੇ ਹੋਰ ਕੋਝ ਜਾਂ ਕਿਸੇ ਵੀ ਤੰਗੀ ਤੁਰਸ਼ੀ ਦੇ।
ਇਸ ਤਰਾਂ ਪਤਾ ਹੀ ਨਹੀਂ ਲਗਦਾ ਕਿ ਕਦੋਂ ਕੋਲਿਆਂ ਦੇ ਵਿਚੋਂ ਕਿਸੇ ਹੀਰੇ ਨੇ ਜਨਮ ਲੈ ਲਿਆ ਤੇ ਉਹਦੀ ਚਮਕ ਦੂਰ ਦੂਰ ਤਕ ਫੈਲਣ ਲੱਗ ਗਈ। ਇਹ ਸਭ ਤਾਂ ਹੀ ਸੰਭਵ ਹੈ ਜਦੋਂ ਕਿਸੇ ਵੀ ਵਿਅਕਤੀ ਨੇ ਆਪਣੇ ਆਪ ਨੂੰ ਕੁਝ ਬਣਾਉਣ ਦਾ ਯਤਨ ਕੀਤਾ ਹੈ ਤੇ ਕਦੇ ਕਦੇ ਇਹ ਸਭ ਸੁਭਾਵਿਕ ਹੀ ਉਪਜ ਜਾਂਦਾ ਹੈ। ਪਰ ਜਿਆਦਾ ਤਾਂ ਇਹ ਸਭ ਤਾਂ ਹੀ ਹੁੰਦਾ ਹੈ ਜਦੋਂ ਆਦਮੀ ਆਪ ਨੂੰ ਗਮ ਦੇਣ ਵਾਲੇ ਨੂੰ ਕੁਝ ਬਣ ਕੇ ਦਿਖਾਉਣ ਦੀ ਥਾਣ ਲੈਂਦਾ ਹੈ ਤੇ ਇਕ ਇਕ ਕਰਕੇ ਆਪਣੇ ਕਦਮ ਪੁੱਟਣੇ ਸ਼ੁਰੂ ਕਰਦਾ ਹੈ।
ਹਰ ਵਾਰ ਹਰ ਬੰਦੇ ਨੂੰ
ਓਸ ਖੁਦਾ ਨੇ ਕੁਝ ਨਵਾਂ ਹੀ ਦਿਤਾ ਹੈ
ਚਾਹੇ ਓਹ ਗਮ ਹੋਵੇ ਚਾਹੇ ਸ਼ਿੰਗਾਰ
ਬਹੁਤੇ ਤਾਂ ਇਸਨੂੰ ਸਮਝ ਨੇ ਲੈਂਦੇ
ਤੇ ਬਹੁਤੇ ਮੰਨ ਲੈਣ ਹਾਰ।
ਸੋ ਕੁਝ ਨਵਾਂ ਕਰਨ ਦਾ ਜਜ਼ਬਾ ਬਣਾ ਕੇ ਰੱਖੀਏ
ਧੰਨਵਾਦ☘️