ਕਾਲਜ ਦੀ ਜਿੰਦਗੀ (ਭਾਗ - 02) College Life (Part - 02)
ਕਾਲਜ ਦੇਖਣ ਜਾਣਾ
ਉਸ ਦਿਨ ਮੈਂ ਆਪਣੇ ਲਿੰਕ ਦੇ ਦੋ ਚਾਰ ਮਿੱਤਰ ਜੋ ਕਿ ਸਾਡੇ ਨਾਲ ਸਰਕਾਰੀ ਕਾਲਜ ਵਿੱਚ ਲੱਗਣਾ ਚਾਹੁੰਦੇ ਸਨ ਓਹਨਾ ਨੂੰ ਇਕਠੇ ਕੀਤਾ ਅਤੇ ਉਹਨਾਂ ਦਾ ਸਰਕਾਰੀ ਕਾਲਜ ਵਿੱਚ ਲੱਗਣ ਦਾ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਤਾਂ ਆਪ ਹੀ ਸਰਕਾਰੀ ਕਾਲਜ ਵਿੱਚ ਲੱਗ ਕੇ ਖੁਸ਼ ਸਨ ਅਤੇ ਉਨ੍ਹਾਂ ਨੂੰ ਆਪਣੇ ਘਰ ਵੱਲੋਂ ਕੋਈ ਵੀ ਦਬਾਓ ਨਹੀਂ ਸੀ। ਅਸਲ ਵਿੱਚ ਉਹ ਆਪਣੇ ਘਰ ਵੱਲ ਦੇਖ ਕੇ ਚੱਲ ਰਹੇ ਸੀ ਭਾਵ ਕਿ ਉਹ ਆਪਣੇ ਹਾਲਾਤ ਤੋਂ ਆਪ ਜਾਣੂ ਸੀ ਤੇ ਕੁਝ ਨੂੰ ਤਾਂ ਕੋਈ ਚੱਕਰ ਹੀ ਨਹੀਂ ਸੀ ਕਿ ਜਿੱਥੇ ਮਰਜੀ ਲੱਗੀਏ ਆਪਾਂ ਤਾਂ ਪੜ੍ਹਨਾ ਹੀ ਹੈ ਪਰ ਸਰਕਾਰੀ ਵਿਚ ਫੀਸ ਘੱਟ ਹੋਊਗੀ, ਇਹ ਵਿਚਾਰ ਸਭ ਦੇ ਦਿਲ ਵਿੱਚ ਹੀ ਸੀ ਨਹੀਂ ਤਾਂ ਕੌਣ ਜਾਂਦਾ ਹੈ ਆਪਣੇ ਪਿੰਡ ਤੋਂ ਇੰਨੀ ਦੂਰ ਪੜਨ ਦੇ ਲਈ। ਅਸਲ ਗੱਲ ਇਹ ਵੀ ਸੀ ਕਿ ਓਹਨਾ ਦੇ ਦਿਮਾਗ ਜਾਂ ਦਿਲ ਵਿਚ ਇਹ ਕੀੜਾ ਨਹੀਂ ਸੀ ਜੋ ਮੇਰੇ ਵਿਚ ਸੀ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਹੀ ਲੱਗਣਾ ਹੈ ਨਹੀਂ ਤਾਂ ਮੈਨੂੰ ਵੀ ਕੋਈ ਦੋ ਰਾਏ ਨਹੀਂ ਸੀ ਕਿ ਕਿੱਥੇ ਲੱਗਣਾ ਹੈ ਤੇ ਸ਼ਾਇਦ ਘੱਟ ਫੀਸ ਹੋਣ ਕਾਰਨ ਮੈ ਵੀ ਆਪਣੇ ਆਪ ਸਰਕਾਰੀ ਕਾਲਜ ਹੀ ਚੁਣਨਾ ਸੀ।
ਸੋ ਉਸ ਤੋਂ ਅਗਲੇ ਹੀ ਦਿਨ ਅਸੀ ਸਭ ਨੇ ਨੇੜੇ ਤੇੜੇ ਦੇ ਕਾਲਜ ਦੇਖਣ ਜਾਣਾ ਸੀ ਭਾਵ ਕਿ ਇਹ ਦੇਖਣਾ ਸੀ ਕਿ ਕਿੱਥੋਂ ਦਾ ਕਾਲਜ (ਸਰਕਾਰੀ ਕਾਲਜ) ਸਾਨੂੰ ਨੇੜੇ ਪੈਂਦਾ ਹੈ। ਤਾਂ ਸਾਨੂੰ ਫਿਰ ਕਿਸੇ ਤੋਂ ਇੱਕ ਸਰਕਾਰੀ ਕਾਲਜ ਦਾ ਪਤਾ ਲੱਗਿਆ ਜੋ ਕਿ ਸਾਡੇ ਪਿੰਡ ਤੋਂ ਲਗਪਗ ਤੀਹ ਕਿਲੋਮੀਟਰ ਦੂਰ ਸੀ (ਸਾਡੇ ਪਿੰਡ ਤੋਂ ਕੁਝ ਮੁੰਡੇ ਪਹਿਲਾਂ ਤੋਂ ਹੀ ਓਥੇ ਪੜ੍ਹਦੇ ਸੀ ਓਹਨਾ ਨੇ ਹੀ ਸਾਨੂੰ ਦੱਸ ਪਾਈ ਸੀ)। ਓਹਨਾਂ ਦੇ ਦੱਸਣ ਅਨੁਸਾਰ ਅਸੀ ਓਥੇ ਜਾਣ ਦਾ ਫੈਸਲਾ ਕਰ ਲਿਆ ਤੇ ਸੋਚ ਲਿਆ ਕਿ ਮੋਟਰਸਾਈਕਲ ਤੇ ਓਥੇ ਜਾਣਾ ਹੈ। ਜਦੋਂ ਅਸੀਂ ਓਥੇ ਜਾਣ ਲਈ ਤਿਆਰ ਹੋਏ ਤੇ ਇਕਠੇ ਹੋਣ ਲੱਗੇ ਕੁਝ ਮੁੰਡਿਆਂ ਦਾ ਤਾਂ ਓਦੋਂ ਹੀ ਪਤਾ ਲੱਗਾ ਕਿ ਓਹਨਾ ਨੇ ਵੀ ਓਥੇ ਲੱਗਣਾ ਹੈ। ਜਿਸ ਦਿਨ ਮੈਂ ਓਥੇ ਲੱਗਣ ਦਾ ਕਾਰਨ ਪਤਾ ਕਰਨ ਲਈ ਇਕਠੇ ਕੀਤੇ ਸੀ ਤਾਂ ਤਿੰਨ ਚਾਰ ਹੀ ਸੀ ਤੇ ਜਿਸ ਦਿਨ ਅਸੀਂ ਜਾਣ ਲਈ ਇਕਠੇ ਹੋਣ ਲੱਗੇ ਤਾਂ ਹੋਰ ਵੀ ਕੁਝ ਮੁੰਡੇ ਸਾਡੇ ਨਾਲ ਜੁੜ ਗਏ। ਜਿੰਨੇ ਮੁੰਡੇ ਸਾਡੇ ਨਾਲ ਜੁੜਦੇ ਜਾ ਰਹੇ ਸੀ ਮੇਰੇ ਮਨ ਵਿੱਚ ਹੋਰ ਵੀ ਗੁੱਸਾ ਜਿਹਾ ਵਧ ਰਿਹਾ ਸੀ ਕਿ ਜੇਕਰ ਇੰਨੇ ਜਿਆਦਾ ਜਣੇ ਓਥੇ ਲੱਗ ਕੇ ਰਾਜੀ ਹਨ ਤਾਂ ਮੈਨੂੰ ਵੀ ਓਥੇ ਹੀ ਲੱਗਣਾ ਪਵੇਗਾ ਪਰ ਜੇਕਰ ਇੱਕ ਦੋ ਹੀ ਹੁੰਦੇ ਤਾਂ ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਤਰਾਂ ਰੋਕ ਵੀ ਸਕਦਾ ਸੀ ਤੇ ਕਾਲਜ ਜਾ ਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਓਹਨਾ ਦਾ ਮਨ ਬਦਲ ਸਕਦਾ ਸੀ (ਵੈਸੇ ਤਾਂ ਮੈ ਸੋਚਿਆ ਵੀ ਇੰਝ ਹੀ ਹੋਇਆ ਸੀ ਕਿ ਦੋ ਤਿੰਨ ਜਣੇ ਹੀ ਆਂ ਅਸੀ ਓਥੇ ਲੱਗਣ ਵਾਲੇ ਤੇ ਇਥੇ ਨਾ ਸਹੀ ਕਾਲਜ ਜਾ ਕੇ ਹੀ ਇਹਨਾ ਦਾ ਮਨ ਬਦਲ ਦਵਾਂਗੇ ਕਿ ਯਰ ਆਪਾਂ ਹੋਰ ਦੇਖਦੇ ਹਾਂ ਕਿਤੇ, ਪਰ ਜਦੋਂ ਓਥੇ ਲੱਗਣ ਵਾਲਿਆਂ ਦੀ ਗਿਣਤੀ ਵਧਣ ਲੱਗੀ ਤਾਂ ਮੇਰਾ ਓਹ ਤਰੀਕਾ ਵੀ ਨਾਕਾਮ ਜਿਹਾ ਹੁੰਦਾ ਲੱਗ ਰਿਹਾ ਸੀ ਪਰ ਮੈ ਫੇਰ ਵੀ ਸੋਚਿਆ ਕਿ ਕੋਈਨਾ ਫੇਰ ਕੀ ਆ? ਅੱਗੇ ਚਲ ਕੇ ਦੇਖਦੇ ਹਾਂ ਕੋਈ ਨਾ ਕੋਈ ਤਰੀਕਾ ਤਾਂ ਲੱਭਾਂਗੇ ਹੀ। ਇਸ ਦੇ ਨਾਲ ਹੀ ਅਸੀ ਓਥੇ ਜਾਣ ਲਈ ਮੋਟਰ ਸਾਈਕਲ ਤੇ ਸਵਾਰ ਹੋ ਕੇ ਚੱਲ ਪਏ) ਅਸੀਂ ਸਭ ਕਾਲਜ ਜਾਣ ਲਈ ਚੱਲ ਤਾਂ ਪਏ ਪਰ ਅਸੀ ਨੇ ਕਦੇ ਨਾ ਤਾਂ ਉਹ ਕਾਲਜ ਦੇਖਿਆ ਸੀ ਤੇ ਨਾ ਹੀ ਕਦੇ ਓਥੋਂ ਦੇ ਠਿਕਾਣੇ ਬਾਰੇ ਸੁਣਿਆ ਸੀ (ਮਤਲਬ ਸਾਨੂੰ ਓਥੇ ਜਾਣ ਦਾ ਰਾਸਤਾ ਤੱਕ ਨਹੀਂ ਸੀ ਪਤਾ) ਅਸੀਂ ਮੋਬਾਇਲ ਦੇ ਸਹਾਰੇ ਚਲਦੇ ਗਏ ਤੇ ਜੇ ਕੋਈ ਮਿਲ ਜਾਂਦਾ ਤਾਂ ਉਸਨੂੰ ਰਾਸਤਾ ਪੁੱਛ ਲੈਂਦੇ। ਸੋ ਇਸ ਤਰ੍ਹਾਂ ਕਰਦੇ ਕਰਾਉਂਦੇ ਅਸੀਂ ਓਥੇ ਪਹੁੰਚ ਗਏ।
ਦੋਸਤੋ ਇਸ ਤੋਂ ਅਗਲਾ ਭਾਗ ਅਗਲੇ ਪੰਨੇ ਤੇ ਮਿਲੇਗਾ।
ਧੰਨਵਾਦ