Type Here to Get Search Results !

Kamla - Prem Dharampura | New Punjabi Shayri - New Punjabi Poem - Punjabi Kavita

ਕਮਲਾ
ਮੈਂ ਕਮਲਾ ਨਾ ਲੈ ਸਕਿਆ
ਕੋਈ ਖੁਸ਼ੀਆਂ ਵੰਡਣ ਆਇਆ ਸੀ
ਸੱਚਮੁੱਚ ਫੁੱਲ ਗੁਲਾਬੀ ਉਹ
ਸੂਲਾਂ ਨਾਲ ਹੰਢਣ ਆਇਆ ਸੀ।

ਲੈ ਹੱਥੀਂ ਦੀਵੇ ਆਸਾਂ ਦੇ
ਤੇ ਦਿਲ ਵਿੱਚ ਮਹਿਕ ਪਿਆਰਾਂ ਦੀ
ਉਹ ਪਤਝੜ ਵਿੱਚ ਲੈ ਆਇਆ ਸੀ
ਲੰਘੀ ਰੁੱਤ ਬਹਾਰਾਂ ਦੀ
ਪਾ ਝਾਂਜਰ ਪੈਰੀਂ ਮੁਹੱਬਤ ਦੀ
ਦੁੱਖਾਂ ਨੂੰ ਭੰਡਣ ਆਇਆ ਸੀ
ਮੈਂ ਕਮਲਾ ਨਾ ਲੈ ਸਕਿਆ
ਕੋਈ ਖੁਸ਼ੀਆਂ ਵੰਡਣ ਆਇਆ ਸੀ।

ਕਦਰਦਾਨ ਸੀ ਪੂਰਾ ਉਹ
ਮੇਰੇ ਜਜਬਾਤਾਂ ਦਾ
ਤਾਂਹੀ ਤਾਂ ਅੱਜ ਜਿਕਰ ਕਰਾਂ
ਮੈਂ ਉਸਦੀਆਂ ਬਾਤਾਂ ਦਾ
ਲੀਰਾਂ ਹੋਏ ਦਿਲ ਨੂੰ ਉਹ
ਹਾਸਿਆਂ ਨਾਲ ਗੰਢਣ ਆਇਆ ਸੀ
ਮੈਂ ਕਮਲਾ ਨਾ ਲੈ ਸਕਿਆ
ਕੋਈ ਖੁਸ਼ੀਆਂ ਵੰਡਣ ਆਇਆ ਸੀ।

ਹੁਨਰ ਸੀ ਜਿਸਦੇ ਕੋਲੇ
ਭੌਰੇ ਸੂਲੀ ਟੰਗਣ ਦਾ
ਹਰ ਇੱਕ ਨੂੰ ਹੀ ਭਾਅ ਜਾਂਦਾ
ਢੰਗ ਉਹਦੇ ਸੰਗਣ ਦਾ
ਸੱਚਮੁੱਚ ਫੁੱਲ ਗੁਲਾਬੀ ਉਹ
ਸੂਲਾਂ ਨਾਲ ਹੰਢਣ ਆਇਆ ਸੀ
ਮੈਂ ਕਮਲਾ ਨਾ ਲੈ ਸਕਿਆ
ਕੋਈ ਖੁਸ਼ੀਆਂ ਵੰਡਣ ਆਇਆ ਸੀ।

ਪਤਾ ਨਹੀਂ ਉਸ ਕਿੰਨਿਆਂ ਦੇ ਵਿੱਚੋਂ
ਤੈਨੂੰ ਲੱਭਿਆ ਹੋਵੇਗਾ
ਉਹ ਵੀ ਤਾਂ ਸੋਚ ਕੇ ਵੇਖ
ਕਿੰਨਿਆਂ ਨੂੰ ਫੱਬਿਆ ਹੋਵੇਗਾ
ਦੱਸ ਫਿਰ ਕਿਉਂ ਤੂੰ ਖਾਲੀ ਮੋੜਿਆ
ਉਹ ਬਸ ਪਿਆਰ ਤਾਂ ਮੰਗਣ ਆਇਆ ਸੀ
ਕਿਉਂ ਪ੍ਰੇਮ ਸਿਆਂ ਨਾ ਲੈ ਸਕਿਆ
ਕੋਈ ਖੁਸੀਆਂ ਵੰਡਣ ਆਇਆ ਸੀ।
PREM DHARAMPURA

Prem Dharampura
Prem Dharampura

ਜਿੰਦਗੀ, ਜਿੰਦਗੀ ਨਹੀਂ ਹੈ ਜੇ ਸਾਨੂੰ ਕਦੇ ਪਿਆਰ ਹੀ ਨਹੀਂ ਹੋਇਆ। ਪਿਆਰ ਦੋ ਰੂਹਾਂ ਦਾ ਆਪਸੀ ਮੇਲ ਹੈ ਤੇ ਇਹ ਹੋ ਜਾਣਾ ਸੁਭਾਵਿਕ ਹੀ ਹੈ ਤੇ ਪਤਾ ਹੀ ਨਹੀਂ ਲਗਦਾ ਕਿ ਸਾਡੀ ਰੂਹ ਕਦੋਂ ਕਿਸੇ ਦੂਸਰੀ ਰੂਹ ਨਾਲ ਮੇਲ ਕਰ ਬੈਠੀ। ਇਹ ਪਿਆਰ ਨੂੰ ਅਸੀ ਦੋ ਤਰਾਂ ਨਾਲ ਦੇਖਦੇ ਹਾਂ, ਇੱਕ ਪਿਆਰ ਤਾਂ ਹੈ ਪਿਆਰ ਮਿਜਾਜ਼ੀ, ਤੇ ਦੂਸਰਾ ਪਿਆਰ ਹੈ ਹਕੀਕੀ। ਮਿਜਾਜ਼ੀ ਪਿਆਰ ਸਾਨੂੰ ਕਿਸੇ ਦੇ ਗੁਣ, ਰੂਪ ਜਾਂ ਰਹਿਣ ਸਹਿਣ ਦੇਖ ਕੇ ਹੁੰਦਾ ਹੈ ਤੇ ਦੂਸਰਾ ਰੱਬੀ ਜਾਂ ਰੂਹਾਨੀ ਪਿਆਰ ਹੈ ਜਿਸਨੂੰ ਹਕੀਕੀ ਪਿਆਰ ਕਹਿੰਦੇ ਹਨ।
ਜਰੂਰੀ ਨਹੀਂ ਕਿ ਪਿਆਰ ਸਾਨੂੰ ਦੋਨੋ ਤਰਫੋ ਹੀ ਹੋਵੇ ਤੇ ਜੇਕਰ ਦੋਨੋ ਤਰਫੋਂ ਹੋ ਵੀ ਜਾਵੇ ਤਾਂ ਜਰੂਰੀ ਨਹੀਂ ਕਿ ਦੋਨੋ ਤਰਫੋਂ ਇੱਕੋ ਹੀ ਸ਼ਿੱਦਤ ਦੇ ਨਾਲ ਇਕ ਦੂਜੇ ਨੂੰ ਚਾਹਿਆ ਜਾਵੇ। ਕਈ ਵਾਰ ਏਦਾਂ ਹੁੰਦਾ ਹੈ ਕਿ ਦੋਨੋ ਤਰਫੋਂ ਹੀ ਪੂਰੀ ਕਦਰ ਕਰਨ ਵਾਲੇ ਆਪਸ ਵਿਚ ਮਿਲ ਜਾਂਦੇ ਹਨ ਤੇ ਉਹ ਪਿਆਰ ਦਿਨੋਂ ਦਿਨ ਗੂੜ੍ਹਾ ਹੁੰਦਾ ਜਾਂਦਾ ਹੈ ਤੇ ਸਮੇਂ ਦੇ ਨਾਲ ਨਾਲ ਹੀ ਇਸਦੀ ਚਮਕ ਵਧਦੀ ਜਾਂਦੀ ਹੈ। ਕਈ ਵਾਰ ਇੰਝ ਹੁੰਦਾ ਹੈ ਕਿ ਸਾਨੂੰ ਕਿਸੇ ਦਾ ਇਜ਼ਹਾਰ ਮਿਲ ਜਾਂਦਾ ਹੈ ਤੇ ਅਸੀ ਕਦੇ ਉਸ ਬਾਰੇ ਸੋਚਿਆ ਹੀ ਨਹੀਂ ਹੁੰਦਾ, ਇਸ ਤਰਾਂ ਦਾ ਪਿਆਰ ਵੀ ਬੇਸ਼ਕ ਬਾਅਦ ਵਿੱਚ ਦੋ ਤਰਫਾ ਬਣ ਜਾਵੇ ਪਰ ਲਈ ਵਾਰ ਤਾਂ ਉਸ ਇਜ਼ਹਾਰ ਦੇ ਸਵੀਕਾਰ ਹੋਣ ਦੀ ਵੀ ਸੰਭਾਵਨਾ ਜਾਂ ਗੁੰਜਾਇਸ਼ ਨਹੀਂ ਹੁੰਦੀ। 
ਜਿਵੇਂ ਕਿ ਕਹਿੰਦੇ ਹਨ ਕਿ ਜਿਸਨੂੰ ਅਸੀਂ ਚਾਹੁੰਦੇ ਹੋਈਏ ਓਹਦਾ ਸਾਨੂੰ ਮਿਲ ਜਾਣਾ ਇੰਨਾ ਚੰਗਾ ਨਹੀਂ ਹੁੰਦਾ ਜਿੰਨਾ ਸਾਨੂੰ ਚਾਹੁਣ ਵਾਲੇ ਨੂੰ ਸਾਡਾ ਮਿਲ ਜਾਣਾ ਵਧੀਆ ਹੁੰਦਾ ਹੈ। ਇਹ ਇਸ ਕਰਕੇ ਕਿ ਸਾਨੂੰ ਕੋਈ ਕਦਰ ਕਰਨ ਵਾਲਾ ਮਿਲ ਰਿਹਾ ਹੁੰਦਾ ਹੈ, ਪਰ ਜਿਸਨੂੰ ਅਸੀਂ ਚਾਹੁੰਦੇ ਹਾਂ ਕੀ ਪਤਾ ਹੈ ਕਿ ਉਸਨੂੰ ਸਾਡੀ ਕਦਰ ਹੈ ਜਾਂ ਨਹੀਂ। ਪਰ ਇੰਨਾ ਪਤਾ ਹੈ ਕਿ ਜੋ ਸਾਨੂੰ ਚਾਹੁੰਦਾ ਹੈ ਉਸਨੂੰ ਸਾਡੀ ਕਦਰ ਜਰੂਰ ਹੋਵੇਗੀ ਤੇ ਓਹ ਸਾਡੀਆਂ ਅਦਾਵਾਂ ਨੂੰ ਵੀ ਝੱਲ ਸਕੇਗਾ ਤੇ ਸਾਡੀਆਂ ਅਦਾਵਾਂ ਨੂੰ ਸਿਰ ਮੱਥੇ ਤੇ ਰੱਖੇਗਾ। 
ਸਾਨੂੰ ਕਿਸੇ ਦਾ ਇਜ਼ਹਾਰ ਮਿਲ ਜਾਣਾ ਬਹੁਤ ਹੀ ਚੰਗਭਗਾ ਹੁੰਦਾ ਹੈ ਤੇ ਸਾਨੂੰ ਉਸਦੀ ਕਦਰ ਵੀ ਕਰਨੀ ਚਾਹੀਦੀ ਹੈ ਤੇ ਜੇ ਹੋ ਸਕੇ ਤਾਂ ਸਾਨੂੰ ਓਹ ਸਵੀਕਾਰ ਵੀ ਕਰ ਲੈਣਾ ਚਾਹੀਦਾ ਹੈ। ਸੱਚਮੁੱਚ ਗੁਲਾਬ (ਸ਼ਖਸ) ਹੀ ਸਾਡੇ ਲਈ ਗੁਲਾਬ ਲੈ ਕੇ ਆਇਆ ਹੁੰਦਾ ਹੈ ਤੇ ਸਾਡੇ ਲਈ ਆਪਣਾ ਸਭ ਕੁਝ ਵਾਰ ਦੇਣ ਲਈ ਤਿਆਰ ਹੁੰਦਾ ਹੈ ਕਿਉਂਕਿ ਸਾਨੂੰ ਇੰਨਿਆਂ ਦੇ ਵਿੱਚੋਂ ਜੋ ਚੁਣਿਆ ਹੁੰਦਾ ਹੈ। 
ਆਪਣੇ ਹੱਥਾਂ ਦੇ ਵਿਚ ਆਸਾਂ ਦੇ ਦੀਵੇ ਬਾਲ ਕੇ ਤੇ ਆਪਣੇ ਦਿਲ ਦੇ ਵਿਚ ਪਿਆਰਾਂ ਦੀ ਮਹਿਕ ਲੈ ਕੇ ਸਾਡੇ ਵਿਹੜੇ ਅਚਾਨਕ ਹੀ ਦਸਤਕ ਦੇ ਦਿੰਦਾ ਹੈ ਤੇ ਸਾਡੀ ਪਤਝੜ ਦੀ ਰੁੱਤ ਵਰਗੀ ਜਿੰਦਗੀ ਇਕਦਮ ਬਹਾਰਾਂ ਵਿਚ ਬਦਲ ਜਾਂਦੀ ਹੈ ਭਾਵ ਕਿ ਉਸਨੂੰ ਦੇਖ ਕੇ ਸਾਡਾ ਚਿਹਰਾ ਇਕਦਮ ਖਿਲ ਉੱਠਦਾ ਹੈ (ਬੇਸ਼ਕ ਇਜ਼ਹਾਰ ਨੂੰ ਸਵੀਕਾਰ ਨਾ ਹੀ ਕਰੀਏ) ਬਹਾਰਾਂ ਦੀ ਰੁੱਤ ਨਾਲ ਲੈ ਕੇ ਆਉਣ ਦੇ ਨਾਲ ਨਾਲ ਆਪਣੇ ਪੈਰਾਂ ਦੇ ਵਿਚ ਮੁਹੱਬਤ ਦੀ ਝਾਂਜਰ ਪਾ ਕੇ ਸਾਡੇ ਸਾਰੇ ਹੀ ਦੁੱਖਾਂ ਦੀ ਅਵਾਜ ਨੂੰ ਦਬਾ ਦੇਣ ਲਈ ਸ਼ੁਰੂਆਤ ਕਰਨੀ ਚਾਹੁੰਦਾ ਹੈ। ਪਰ ਕਈ ਵਾਰ ਇੰਝ ਹੁੰਦਾ ਹੈ ਕਿ ਅਸੀਂ ਉਸ ਗੁਲਾਬ ਜਿਹੇ ਸ਼ਖਸ ਦੀ ਕਦਰ ਨਹੀਂ ਕਰ ਪਾਉਂਦੇ।
ਜਿਸਦੇ ਕੋਲ ਹੁਨਰ ਹੁੰਦਾ ਹੈ ਭੌਰਿਆਂ ਨੂੰ ਸੂਲੀ ਤੇ ਟੰਗ ਦੇਣ ਦਾ ਤੇ ਜਿਸਦਾ ਹਾਸਾ ਹਰ ਇੱਕ ਨੂੰ ਹੀ ਭਾਅ ਜਾਂਦਾ ਹੋਵੇ। ਪਤਾ ਨਹੀਂ ਕਿੰਨੇ ਹੀ ਇਜ਼ਹਾਰ ਉਸਨੇ ਵੀ ਅਸਵੀਕਾਰ ਕੀਤੇ ਹੋਣ, ਤਾਂ ਦਿਲਾ ਸੋਚ ਕੇ ਦੇਖੀਂ ਕਿ ਉਹ ਵੀ ਕਿੰਨਿਆਂ ਨੂੰ ਫੱਬਿਆ ਹੋਵੇਗਾ। 
ਧੰਨਵਾਦ


Prem Dharampura New Shayri


Post a Comment

0 Comments
* Please Don't Spam Here. All the Comments are Reviewed by Admin.

Search