Type Here to Get Search Results !

Kadar - Prem Dharampura • New Punjabi Shayri • Love Shayri • Sad Shayri - Punjabi Kavita

ਕਦਰ
ਤੂੰ ਕਦਰ ਨਾ ਪਾਈ ਯਾਰਾ
ਮੇਰੇ ਇਤਬਾਰ ਦੀ
ਖਬਰ ਨਹੀਂ ਸੀ ਮੈਨੂੰ
ਦੂਹਰੇ ਕਿਰਦਾਰ ਦੀ।
ਘਰ ਬਾਰ ਛੱਡ
ਤੇਰਾ ਰਾਹ ਸੀ ਚੁਣਿਆ
ਇੱਕੋ ਇੱਕ ਤੇਰਾ
ਸੁਪਨਾ ਸੀ ਬੁਣਿਆ।।

ਸੋਚਿਆ ਸੀ 
ਮੈਨੂੰ ਮਿਲ ਖੁਸ਼ ਹੋਵੇਂਗਾ
ਦਿਲ ਵਾਲੇ ਬੂਹੇ ਉੱਤੇ
ਤੇਲ ਚੋਵੇਂਗਾ।
ਪਰ ਤੈਨੂੰ ਵੇਖ
ਮੈਂ ਬੇ-ਆਸ ਹੋ ਗਿਆ
ਤੱਕ ਮੱਥੇ ਦੀਆਂ ਤਿਉੜੀਆਂ
ਉਦਾਸ ਹੋ ਗਿਆ।।
PREM DHARAMPURA

Prem Dharampura Shayri premdharampura
Prem Dharampura Shayri premdharampura

ਪਿਆਰ ਸਾਡੀ ਜਿੰਦਗੀ ਦਾ ਇੱਕ ਅਜਿਹਾ ਗਹਿਣਾ ਹੁੰਦਾ ਹੈ ਜਿਸਦੀ ਚਮਕ ਸਮੇਂ ਦੇ ਨਾਲ ਨਾਲ ਵਧਦੀ ਜਾਂਦੀ ਹੈ ਤੇ ਜੇਕਰ ਕਦਰ ਰਹੇ ਤਾਂ ਇਹ ਹੋਰ ਵੀ ਚਮਕੀਲਾ ਹੁੰਦਾ ਜਾਂਦਾ ਹੈ। ਪਿਆਰ ਕੁਦਰਤ ਦੀ ਇਕ ਅਣਮੁੱਲੀ ਦਾਤ ਹੈ ਤੇ ਇਸਨੂੰ ਸਿਰਫ ਅਣਮੁੱਲੇ ਲੋਕ ਹੀ ਧਾਰਨ ਕਰ ਸਕਦੇ ਹਨ। ਜੋ ਲੋਕ ਆਪਣੀ ਕੀਮਤ ਨਿਰਧਾਰਿਤ ਕਰ ਲੈਂਦੇ ਹਨ ਉਹ ਇਸ ਅਣਮੁੱਲੀ ਕੀਮਤ ਵਾਲੇ ਪਿਆਰ ਦੀ ਦਾਤ ਤੋਂ ਸੱਖਣੇ ਰਹਿ ਜਾਂਦੇ ਹਨ ਜਾਂ ਬਹੁਤੇ ਸਮੇਂ ਤਕ ਪਿਆਰ ਵਿਚ ਟਿਕ ਨਹੀਂ ਪਾਉਂਦੇ। ਜਦੋਂ ਕੋਈ ਵਿਅਕਤੀ ਆਪਣੀ ਕੀਮਤ ਨਿਰਧਾਰਿਤ ਕਰ ਲੈਂਦਾ ਹੈ ਤਾਂ ਉਹ ਉਸ ਕੀਮਤ ਤੇ ਕਦੇ ਵੀ ਵਿਕ ਸਕਦਾ ਹੈ ਪਰ ਜਿਸਦੀ ਕੋਈ ਕੀਮਤ ਹੀ ਨਹੀਂ ਓਹ ਅਣਮੁੱਲਾ ਹੁੰਦਾ ਹੈ ਤੇ ਉਹ ਕਦੇ ਵੀ ਨਹੀਂ ਵਿਕੇਗਾ। ਓਹ ਘਾਟੇ ਵੀ ਸਹਿ ਸਕਦਾ ਹੈ ਤੇ ਨਹੀਂ ਤਾਂ ਉਸਦੀ ਕੀਮਤ ਹੀ ਕੋਈ ਨਹੀਂ ਹੈ ਇਸ ਦੁਨੀਆਂ ਦੇ ਬਾਜ਼ਾਰਾਂ ਵਿੱਚ, ਇਸ ਤੋਂ ਬਿਨਾਂ ਉਸ ਕੋਲ ਅਣਮੁੱਲੀ ਕੀਮਤ ਵਾਲਾ ਪਿਆਰ ਵੀ ਤਾਂ ਹੁੰਦਾ ਹੈ। 
ਪਿਆਰ ਸਾਨੂੰ ਕਦਰ ਕਰਨੀ ਸਿਖਾਉਂਦਾ ਹੈ, ਪਿਆਰ ਸਾਨੂੰ ਗੁਣ ਹੀ ਗੁਣ ਬਖਸ਼ਦਾ ਹੈ ਤੇ ਜੇਕਰ ਪਿਆਰ ਕਰਨ ਵਾਲਿਆਂ ਵਿਚੋਂ ਇੱਕ ਵੀ ਵਿਅਕਤੀ ਆਪਣੀ ਕੀਮਤ ਨਿਰਧਾਰਿਤ ਕਰ ਲਵੇ ਤਾਂ ਉਹ ਇਸ ਅਣਮੁੱਲੇ ਪਿਆਰ ਦਾ ਧਾਰਨੀ ਨਹੀਂ ਰਹਿ ਸਕਦਾ। ਜਦੋਂ ਗੱਲ ਹੀ ਮੁੱਲ ਦੀ ਆ ਜਾਵੇ ਤਾਂ ਫਿਰ ਇਹ ਸਮਾਂ ਨਾਲ ਬਿਤਾ ਕੇ ਕੀਤੀ ਗਈ ਕਦਰ ਦੀ ਬੰਦੇ ਨੂੰ ਕੀਮਤ ਨਹੀਂ ਪਤਾ ਲੱਗਦੀ ਕਿਉਂਕਿ ਇਹ ਰੂਹਾਂ ਦੀ ਗਲਬਾਤ ਹੈ।
ਦੁਨੀਆਂ ਵਿੱਚ ਬਹੁਤ ਤਰਾਂ ਦੇ ਲੋਕ ਵਸਦੇ ਹਨ, ਰੰਗ ਰੂਪ ਪੱਖੋਂ ਤੇ ਗੁਣਾਂ ਪੱਖੋਂ। ਪਤਾ ਹੀ ਨਹੀਂ ਲਗਦਾ ਕਿ ਸਾਨੂੰ ਕਿਸਦਾ ਗੁਣ ਜਾਂ ਫਿਰ ਕਿਸਦਾ ਰੰਗ ਰੂਪ ਭਾਅ ਜਾਵੇ ਤੇ ਅਸੀ ਆਪਣਾ ਆਪਾ ਉਸ ਲਈ ਫਿਦਾ ਕਰ ਦਈਏ। ਕਈ ਵਾਰ ਇੰਝ ਵੀ ਹੁੰਦਾ ਹੈ ਕਿ ਅਸੀਂ ਕਿਸੇ ਨਾਲ ਪਿਆਰ ਵਿਚ ਵੀ ਹੁੰਦੇ ਹਾਂ ਤੇ ਸਾਡੀ ਜਿੰਦਗੀ ਵਿੱਚ ਕੋਈ ਹੋਰ ਹੀ ਨਵਾਂ ਸ਼ਖ਼ਸ ਦਸਤਕ ਦੇ ਦਿੰਦਾ ਹੈ ਤੇ ਸਾਡੀ ਜ਼ਿੰਦਗੀ ਉਸ ਦੇ ਵੱਲ ਨੂੰ ਮੋੜ ਕੱਟ ਲੈਂਦੀ ਹੈ। ਅਜਿਹਾ ਹੋਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਸ਼ਾਇਦ ਸਾਨੂੰ ਪਹਿਲਾਂ ਵਾਲੇ ਤੋਂ ਕੁਝ ਬੇਹਤਰ ਮਿਲ ਗਿਆ ਹੋਵੇਗਾ ਤੇ ਅਸੀ ਓਸ ਵੱਲ ਨੂੰ ਮੋੜ ਕੱਟ ਲੈਂਦੇ ਹਾਂ। ਕਈ ਵਾਰ ਇੰਝ ਹੁੰਦਾ ਹੈ ਕਿ ਉਹ ਪੁਰਾਣੇ ਨਾਲੋ ਬਿਹਤਰ ਨਾ ਹੀ ਹੋਵੇ ਪਰ ਸਾਨੂੰ ਕੁਝ ਪਲਾਂ ਦਾ ਮੁਹਾਂਦਰਾ ਹੀ ਸਾਨੂੰ ਮੋਹ ਲੈਂਦਾ ਹੈ ਤੇ ਅਸੀ ਇਕ ਨਵੀਂ ਸ਼ੁਰੂਆਤ ਕਰਨ ਤੁਰ ਪੈਂਦੇ ਹਾਂ। ਪਹਿਲਾਂ ਵਾਲੇ ਪਿਆਰ ਕਰਨ ਵਾਲੇ ਤੋਂ ਅਸੀ ਕਈ ਵਾਰ ਇਸ ਕਰਕੇ ਵੀ ਦੂਰ ਹੋ ਬੈਠਦੇ ਹਾ ਕਿ ਸਾਨੂੰ ਉਸ ਦੁਆਰਾ ਦਿੱਤੀ ਹੋਈ ਕਦਰ ਸਾਨੂੰ ਰਾਸ ਨਹੀਂ ਆਉਂਦੀ। 
ਬਹੁਤ ਵਾਰ ਇੰਝ ਹੀ ਹੁੰਦਾ ਹੈ ਕਿ ਸਾਨੂੰ ਕਦਰ ਕਰਵਾਉਣੀ ਹੀ ਨਹੀਂ ਆਉਂਦੀ ਤੇ ਜਿਆਦਾ ਕਦਰ ਕਰਨ ਵਾਲੇ ਨੂੰ ਅਸੀ ਖੋ ਬੈਠਦੇ ਹਾ ਕਿਉਂਕਿ ਸਾਨੂੰ ਉਸਤੋਂ ਵੀ ਜਿਆਦਾ ਕਦਰ ਚਾਹੀਦੀ ਹੁੰਦੀ ਹੈ (ਬਿਲਕੁਲ ਉਸ ਕਹਾਣੀ ਦੀ ਤਰਾਂ ਜਿਵੇਂ ਕਿ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਤੋਂ ਜਿਆਦਾ ਸੋਨਾ ਲੈਣ ਦੇ ਚੱਕਰ ਚ ਪਹਿਲਾਂ ਜਿੰਨਾ ਸੋਨਾ ਵੀ ਨਹੀਂ ਲੈ ਹੁੰਦਾ ਤੇ ਬਾਅਦ ਵਿੱਚ ਉਸਦੇ ਕੋਲ ਸਿਰਫ ਤੇ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ) ਬਹੁਤ ਵਾਰ ਹੁੰਦਾ ਹੈ ਕਿ ਕਦਰ ਕਰਨ ਵਾਲੇ ਨੂੰ ਕਦਰ ਕਰਨ ਵਾਲੇ ਨਹੀਂ ਮਿਲਦੇ ਤੇ ਕਦਰ ਨਾ ਕਰਨ ਵਾਲਿਆਂ ਪਿੱਛੇ ਲੋਕ ਦਿਲ ਚੁੱਕੀ ਫਿਰਦੇ ਹੁੰਦੇ ਨੇ। ਕਦਰ ਕਰਨ ਵਾਲੇ ਨੂੰ ਪਹਿਚਾਣ ਹੀ ਨਹੀਂ ਸਕਦੇ ਅਸੀ। ਬਹੁਤ ਵਾਰ ਦੂਹਰੇ ਕਿਰਦਾਰ ਦੇਖਣ ਵਿਚ ਆਉਂਦੇ ਹਨ ਤੇ ਜਿਨ੍ਹਾਂ ਪਿੱਛੇ ਅਸੀ ਆਪਣਾ ਘਰ ਬਾਰ ਛਡਣ ਲਈ ਫਿਰਦੇ ਹੁੰਨੇ ਆਂ ਉਹ ਕਿਸੇ ਹੋਰ ਲਈ ਘਰ ਬਾਰ ਛਡਣ ਨੂੰ ਫਿਰਦੇ ਹੁੰਦੇ ਹਨ। 
ਬਹੁਤ ਵਾਰ ਲੱਗਦਾ ਹੈ ਕਿ ਉਹ ਸਾਨੂੰ ਦੇਖ ਕੇ ਖੁਸ਼ ਹੋਵੇਗਾ ਤੇ ਸਾਨੂੰ ਦੇਖ ਕੇ ਪਲਕਾਂ ਵਿਛਾ ਦਵੇਗਾ ਪਰ ਹੁੰਦਾ ਇੰਝ ਹੈ ਕਿ ਸਾਨੂੰ ਮੱਥੇ ਦੀਆਂ ਤਿਓੜੀਆਂ ਦੇਖਣ ਨੂੰ ਮਿਲਦੀਆਂ ਹਨ ਫਿਰ ਵੀ ਸਾਨੂੰ ਇੰਝ ਹੀ ਲੱਗਦਾ ਹੈ ਕਿ ਉਹ ਤਾਂ ਸਹੀ ਹੈ, ਸ਼ਾਇਦ ਸਾਡੇ ਤੋਂ ਹੀ ਕੋਈ ਗਲਤੀ ਹੋਈ ਹੋਵੇਗੀ। ਬਹੁਤ ਵਾਰ ਅਸੀ ਉਸਦੇ ਕਦਮਾਂ ਵਿੱਚ ਆਪਣਾ ਦਿਲ ਰੱਖਦੇ ਹਾਂ ਪਰ ਓਹਨਾ ਨੂੰ ਕਦਰ ਹੀ ਨਹੀਂ ਹੁੰਦੀ ਕਿਓਂਕਿ ਮੁਫਤ ਵਿੱਚ ਜੋ ਮਿਲ ਰਿਹਾ ਹੁੰਦਾ ਹੈ (ਆਪਣੇ ਆਪ ਚਾਹੁਣ ਵਾਲ਼ੇ ਦਾ ਮਿਲ ਜਾਣਾ) ਕਦਮਾਂ ਵਿੱਚ ਪਏ ਦਿਲ ਨੂੰ ਬਹੁਤ ਵਾਰ ਓਹਨਾ ਤੋਂ ਠੋਕਰ ਵੀ ਖਾਣ ਨੂੰ ਮਿਲ ਜਾਂਦੀ ਹੈ ਤੇ ਅਸੀ ਫੇਰ ਵੀ ਓਹਨਾ ਬਾਰੇ ਗਲਤ ਸੋਚ ਸਕਦੇ। ਅਸੀ ਸੋਚਦੇ ਹਾਂ ਕਿ ਜਦੋਂ ਇਹ ਦਿਲ ਹੀ ਉਸਦੇ ਨਾਮ ਕਰ ਦਿੱਤਾ ਤਾਂ ਉਹ ਠੋਕਰ ਮਾਰੇ ਜਾਂ ਕੁਝ ਕਰੇ ਓਹਦੀ ਮਰਜੀ।
ਧੰਨਵਾਦ


Post a Comment

0 Comments
* Please Don't Spam Here. All the Comments are Reviewed by Admin.

Search