Type Here to Get Search Results !

Dil - Prem Dharampura Shayri ▪ Prem Dharampura Kavita ▪ New Poem Prem Dharampura

 ਦਿਲ 
ਜੀਹਨੇ ਖੱਬੇ ਪੈਰ ਦੀ ਠੋਕਰ ਮਾਰੀ
ਮੇਰਿਆਂ ਚਾਵਾਂ ਨੂੰ
ਫੁੱਲਾਂ ਨਾਲ ਸੁਹਾਨਾ ਕਰਤਾ
ਉਸਦਿਆਂ ਰਾਹਵਾਂ ਨੂੰ
ਮੈਂ ਉਸ ਰਸਤੇ ਦੇ ਭੱਖੜੇ
ਜੜ ਤੋਂ ਪੁੱਟ ਕੇ ਆ ਗਿਆ ਹਾਂ
ਉਹ ਤਾਂ ਰੱਖਕੇ ਰਾਜੀ ਨਹੀਂ ਸੀ
ਦਿਲ ਮੇਰਾ
ਪਰ ਮੈਂ ਹੀ ਉਸਦੇ ਪੈਰਾਂ ਦੇ ਵਿੱਚ
ਸੁੱਟਕੇ ਆ ਗਿਆ ਹਾਂ।

ਲੱਗਦੈ ਉਸਨੂੰ ਗਿਆਤ ਨਹੀਂ ਸੀ
ਪਿਆਰ ਮੇਰਾ
ਤਾਂਹੀ ਤਾਂ ਠੁਕਰਾਇਆ
ਉਸ ਇਜਹਾਰ ਮੇਰਾ
ਬੇਸ਼ੱਕ ਉਸਨੂੰ ਆਉਂਦੇ ਹੋਣੇ
ਖੁਆਬ ਜੇ ਹੋਰਾਂ ਦੇ
ਪਰ ਇੱਕ ਵਾਰ ਤਾਂ 
ਉਹਦੀਆਂ ਨੀਂਦਾਂ
ਲੁੱਟ ਕੇ ਆ ਗਿਆ ਹਾਂ
ਉਹ ਤਾਂ ਰੱਖਕੇ ਰਾਜੀ ਨਹੀਂ ਸੀ
ਦਿਲ ਮੇਰਾ
ਪਰ ਮੈਂ ਹੀ ਉਸਦੇ ਪੈਰਾਂ ਦੇ ਵਿੱਚ
ਸੁੱਟਕੇ ਆ ਗਿਆ ਹਾਂ।

ਕਹਿੰਦੀ ਪਿਆਰ ਪਿਊਰ ਦੇ ਚੱਕਰਾਂ ਕੋਲੋਂ
ਕੋਹਾਂ ਦੂਰ ਹਾਂ ਮੈਂ
ਤੂੰ ਹੋਰ ਲੱਭਲੈ ਕੋਈ
ਐਡੀ ਕਿਹੜੀ ਹੂਰ ਹਾਂ ਮੈਂ
ਉਸ ਚੰਨ ਜਿਹੀ ਦੀ ਮਹਿਫਲ ਚੋਂ
ਮੈਂ ਤਾਰਾ ਟੁੱਟ ਕੇ ਆ ਗਿਆ ਹਾਂ
ਉਹ ਤਾਂ ਰੱਖਕੇ ਰਾਜੀ ਨਹੀਂ ਸੀ
ਦਿਲ ਮੇਰਾ
ਪਰ ਮੈਂ ਹੀ ਉਸਦੇ ਪੈਰਾਂ ਦੇ ਵਿੱਚ
ਸੁੱਟਕੇ ਆ ਗਿਆ ਹਾਂ।
PREM DHARAMPURA

Prem Dharampura Shayri premdharampura
Prem Dharampura Shayri premdharampura 

ਪਿਆਰ ਹੈ ਤਾਂ ਜਿੰਦਗੀ ਹੈ ਤੇ ਜੇਕਰ ਜਿੰਦਗੀ ਹੈ ਤਾਂ ਪਿਆਰ ਹੈ। ਪਿਆਰ ਤੇ ਜਿੰਦਗੀ ਦੋਨੋ ਇੱਕ ਦੂਜੇ ਦੇ ਪੂਰਕ ਹਨ ਤੇ ਪਿਆਰ ਤੋਂ ਬਿਨਾ ਜਿੰਦਗੀ ਅਧੂਰੀ ਹੈ। ਪਿਆਰ ਸਾਡੀ ਜਿੰਦਗੀ ਵਿੱਚ ਹੋਣਾ ਹੀ ਚਾਹੀਦਾ ਹੈ। ਇੱਥੇ ਸਿਰਫ਼ ਮਿਜਾਜ਼ੀ ਪਿਆਰ ਦੀ ਗੱਲ ਨਹੀਂ ਹੈ। ਇਹ ਪਿਆਰ ਰੂਹਾਨੀ ਜਾਂ ਰੱਬੀ ਵੀ ਹੋ ਸਕਦਾ ਹੈ। ਨਹੀਂ ਤਾਂ ਮਿਜਾਜ਼ੀ ਪਿਆਰ ਤਾਂ ਜਿੰਦਗੀ ਵਿੱਚ ਦੇਖਣ ਨੂੰ ਮਿਲ ਹੀ ਜਾਂਦਾ ਹੈ। ਪਿਆਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ - ਇਕ ਤਰਫਾ, ਦੋ ਤਰਫਾ ਤੇ ਤਿਕੋਣਾ ਵੀ। ਪਿਆਰ ਕਈ ਕੋਨਾ ਵੀ ਹੋ ਸਕਦਾ ਹੈ।
ਪਿਆਰ ਹੋ ਜਾਣਾ ਹੀ ਕਾਫੀ ਨਹੀਂ ਹੈ। ਪਿਆਰ ਵਿਚ ਆਪਾ ਵਾਰ ਦੇਣ (ਜਿਸ ਜਿੰਦਗੀ ਨੂੰ ਪਿਆਰ ਤੇ ਪਿਆਰ ਨੂੰ ਜਿੰਦਗੀ ਕਿਹਾ ਹੈ ਉਸਨੂੰ ਵਾਰ ਦੇਣ ਦੀ ਸਮਰੱਥਾ ਵੀ ਹੋਣੀ ਚਾਹੀਦੀ ਹੈ) ਦੀ ਸਮਰੱਥਾ ਵੀ ਹੋਣੀ ਚਾਹੀਦੀ ਹੈ। ਪਿਆਰ, ਪਿਆਰ ਨਹੀਂ ਹੈ ਜੇਕਰ ਇਸ ਵਿਚ ਤੁਹਾਡਾ ਕੋਈ ਸਵਾਰਥ ਲੁਕਿਆ ਹੋਇਆ ਹੈ। ਪਿਆਰ ਕਿਸੇ ਤੋਂ ਕੁਝ ਲੈਣਾ ਨਹੀਂ, ਪਿਆਰ ਵਿਚ ਸਿਰਫ ਤੇ ਸਿਰਫ ਦੇਣ ਦਾ ਹੀ ਸਿਧਾਂਤ ਹੈ। ਅਸੀ ਹਰ ਸਾਹ ਤੇ ਹਰ ਬੋਲ ਤੇ ਜਾਨ ਤਲੀ ਤੇ ਰੱਖ ਸਕਦੇ ਹੋਈਏ। ਬੇਸ਼ੱਕ ਸਾਡਾ ਇਹ ਪਿਆਰ ਕਿਸੇ ਧਾਰਮਿਕ ਪੈਗ਼ੰਬਰ ਦੇ ਪ੍ਰਤੀ ਹੋਵੇ ਤੇ ਚਾਹੇ ਮਿਜਾਜ਼ੀ। 
ਪਿਆਰ ਵਿਚ ਉਤਰਾ ਤੇ ਚੜਾਅ ਆਉਂਦੇ ਬਹੁਤ ਦੇਖੇ ਹਨ ਤੇ ਬਹੁਤ ਗੂੜ੍ਹਾ ਹੁੰਦਾ ਵੀ ਦੇਖਿਆ ਜਾ ਸਕਦਾ ਹੈ।
ਜਰੂਰੀ ਨਹੀਂ ਕਿ ਪਿਆਰ ਦੋਨੋ ਤਰਫੋਂ ਹੀ ਹੋਵੇ ਤੇ ਦੋਨੋ ਇੱਕ ਦੂਜੇ ਲਈ ਜਾਨ ਕੁਰਬਾਨ ਕਰਨ ਲਈ ਤਿਆਰ ਹੋਣ। 
ਹੋ ਸਕਦਾ ਹੈ ਕਿ ਕਿਸੇ ਦਾ ਇਜ਼ਹਾਰ ਹੋਇਆ ਹੋਵੇ ਤੇ ਉਹ ਸਵੀਕਾਰ ਹੋ ਜਾਵੇ ਤੇ ਇਜ਼ਹਾਰ ਕਰਨ ਵਾਲਾ ਤਾਂ ਪੂਰੀ ਸ਼ਿੱਦਤ ਨਾਲ ਉਸਨੂੰ ਚਾਅ ਲਵੇਗਾ ਪਰ ਕੀ ਪਤਾ ਹੈ ਕਿ ਦੂਸਰੇ ਦੇ ਦਿਲ ਵਿੱਚ ਉਸਦੇ ਲਈ ਪਿਆਰ ਪੈਦਾ ਹੀ ਨਾ ਹੋਵੇ ਤੇ ਉਹ ਲੱਖ ਚਾਹ ਕੇ ਵੀ ਉਸਦੇ ਨਾਲ ਪਿਆਰ ਨਾ ਬਣਾ ਸਕੇ। ਹੋ ਸਕਦਾ ਹੈ ਕਿ ਹੌਲੀ ਹੌਲੀ ਦੋਨੋ ਹੀ ਇੱਕ ਦੂਜੇ ਨੂੰ ਇੱਕੋ ਜਿਹੀ ਸ਼ਿੱਦਤ ਨਾਲ ਚਾਹੁਣ ਲੱਗਣ ਤੇ ਹੋ ਸਕਦਾ ਹੈ ਕਿ ਇਜ਼ਹਾਰ ਕਰਨ ਵਾਲੇ ਦੇ ਦਿਲ ਵਿਚੋਂ ਹੌਲੀ ਹੌਲੀ ਪਿਆਰ ਘਟਣ ਲੱਗ ਜਾਏ ਤੇ ਇਜ਼ਹਾਰ ਨੂੰ ਸਵੀਕਾਰ ਕਰਨ ਵਾਲੇ ਦੇ ਦਿਲ ਵਿਚ ਉਸਦੇ ਲਈ ਦਿਨੋ ਦਿਨ ਪਿਆਰ ਵਧਣ ਲੱਗੇ।
ਇੰਝ ਵੀ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਨੂੰ ਇਜ਼ਹਾਰ ਕਰਦੇ ਹਾਂ ਤਾਂ ਓਹਨਾ ਵੱਲੋਂ ਇਸ ਨੂੰ ਅਸਵੀਕਾਰ ਕਰ ਦਿੱਤਾ ਜਾਂਦਾ ਹੈ ਤੇ ਉਹ ਸਾਡੇ ਗੁਲਾਬ ਜਿਹੇ ਦਿਲ ਨੂੰ ਠੋਕਰ ਮਾਰ ਦਿੰਦਾ ਹੈ ਤੇ ਅਸੀਂ ਫਿਰ ਵੀ ਓਹਨਾ ਨੂੰ ਮੁਹੱਬਤ ਕਰਦੇ ਰਹਿੰਦੇ ਹਾਂ। ਉਹ ਸਾਡੇ ਦਿਲ ਨੂੰ ਠੋਕਰ ਮਾਰ ਦਿੰਦਾ ਹੈ ਤੇ ਅਸੀਂ ਫਿਰ ਵੀ ਓਹਦੇ ਰਾਹਾਂ ਵਿਚ ਫੁੱਲ ਵਿਛਾ ਦਿੰਦੇ ਹਾਂ। ਸਾਨੂੰ ਓਸਦੇ ਇਸ ਰਵਈਏ ਦਾ ਕੋਈ ਦੁੱਖ ਨਹੀਂ ਹੁੰਦਾ। ਅਸੀਂ ਇਹ ਜਾਣਦੇ ਹੁੰਦੇ ਹਾਂ ਕਿ ਅਗਰ ਅਸੀਂ ਫੁੱਲ ਹੀ ਗੁਲਾਬ ਦਾ ਚੁਣਿਆ ਹੈ ਤਾਂ ਕੰਡੇ ਲੱਗਣੇ ਤਾਂ ਲਾਜ਼ਮੀ ਹੀ ਹਨ ਤੇ ਅਸੀ ਓਸ ਕੰਡਿਆਂ ਵਾਲੇ ਗੁਲਾਬ ਨੂੰ ਤੱਤੀ ਹਵਾ ਤੱਕ ਨਹੀਂ ਲੱਗਣ ਦੇਣੀ ਚਾਹੁੰਦੇ ਹੁੰਦੇ। ਉਹ ਸਾਡੇ ਦਿਲ ਨੂੰ ਆਪਣੇ ਕੋਲ ਰੱਖ ਕੇ ਰਾਜ਼ੀ ਵੀ ਨਹੀਂ ਹੁੰਦਾ ਤੇ ਫਿਰ ਵੀ ਅਸੀਂ ਆਪਣੇ ਦਿਲ ਨੂੰ ਉਸਦੇ ਪੈਰਾਂ ਵਿਚ ਸੁੱਟ ਕੇ ਆ ਜਾਂਦੇ ਹਾਂ।
ਅਸੀਂ ਸੋਚਦੇ ਹਾਂ ਕਿ ਸ਼ਾਇਦ ਉਸਨੂੰ ਸਾਡੇ ਪਿਆਰ ਦਾ ਪਤਾ ਹੀ ਨਹੀਂ ਰਹੀ ਤਾਂ ਅਸਵੀਕਾਰ ਕੀਤਾ ਹੈ ਤੇ ਉਸਦੇ ਠੋਕਰ ਮਾਰ ਦੇਣ ਤੇ ਵੀ ਸਾਡੇ ਦੁਆਰਾ ਉਸਦੀ ਖੈਰ ਮੰਗਣਾ ਉਸਨੂੰ ਸ਼ਾਇਦ ਸਾਡੇ ਲਈ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਤੇ ਸ਼ਾਇਦ ਰਾਤ ਦੀ ਨੀਂਦ ਵੀ ਖੋਹ ਲੈਂਦਾ ਹੋਵੇਗਾ ਤੇ ਕੀ ਪਤਾ ਹੈ ਕਿ ਉਸਨੂੰ ਹੋਰਨਾਂ ਦੇ ਸੁਫ਼ਨਿਆਂ ਤੋਂ ਵਿਹਲ ਹੀ ਨਾ ਹੋਵੇ ਤੇ ਉਹ ਸਾਡੇ ਲਈ ਸੋਚ ਹੀ ਕੁਝ ਨਾ ਸਕੇ। ਫਿਰ ਵੀ ਸਾਨੂੰ ਉਸਤੋਂ ਕੋਈ ਸ਼ਿਕਾਇਤ ਨਹੀਂ ਹੁੰਦੀ ਅਸੀ ਆਪਣਾ ਦਿਲ ਬਸ ਓਸ ਤੋਂ ਹੀ ਕੁਰਬਾਨ ਜੋ ਕੀਤਾ ਹੁੰਦਾ ਹੈ। ਅਸੀ ਵਾਰ ਵਾਰ ਓਸ ਚੰਨ ਦੀ ਮਹਿਫ਼ਿਲ ਤੋਂ ਤਾਰੇ ਬਣ ਕੇ ਵਾਰ ਵਾਰ ਟੁੱਟਣਾ ਚਾਹੁੰਦੇ ਹੁੰਨੇ ਆਂ ਕਿ ਉਹ ਇਸ ਟੁਟਦੇ ਤਾਰੇ ਨੂੰ ਵੇਖ ਕੇ ਕੁਝ ਮੰਗ ਸਕੇ ਤੇ ਉਸਦੀ ਹਰ ਇੱਕ ਖ਼ਵਾਹਿਸ਼ ਪੂਰੀ ਹੋ ਜਾਵੇ। ਮਤਲਬ ਅਸੀ ਟੁੱਟਦੇ ਤਾਂ ਬੇਸ਼ਕ ਟੁੱਟ ਜਾਈਏ ਪਰ ਉਸਦੀ ਹਰ ਇੱਕ ਖ਼ਵਾਹਿਸ਼ ਪੂਰੀ ਜਰੂਰ ਹੋ ਜਾਣੀ ਚਾਹੀਦੀ ਹੈ।
ਧੰਨਵਾਦ

 

Post a Comment

0 Comments
* Please Don't Spam Here. All the Comments are Reviewed by Admin.

Search