Type Here to Get Search Results !

Udaari - Prem Dharampura ● New Punjabi Kavita ● Punjabi Kavita ● Punjabi Poem

ਉਡਾਰੀ
ਬੇਸ਼ੱਕ ਜਖਮੀ ਹਾਲਤ ਵਿੱਚ
ਅੱਜ ਡਿੱਗਿਆ ਹਾਂ ਜਮੀਨ ਉੱਤੇ
ਖੰਭ ਲਾ ਕੇ ਆਪਣੇ ਜਜਬੇ ਨੂੰ
ਮੈਂ ਉੱਡਣਾ ਅਰਸ਼ ਰੰਗੀਨ ਉੱਤੇ।

ਅਜੇ ਤਾਂ ਹੁਨਰਾਂ ਵਾਲਾ
ਮੇਰਾ ਬੋਝਾ ਸੱਖਣਾ ਹੈ
ਅਜੇ ਤਾਂ ਹਾਰਾਂ ਵਾਲਾ ਮਿੱਠਾ
ਜ਼ਹਿਰ ਵੀ ਚੱਖਣਾ ਹੈ।

ਚੱਲਦੀ ਪਈ ਏ 
ਲੇਖਾਂ ਦੇ ਨਾਲ ਜੰਗ ਅਜੇ
ਖੁੱਲ ਜਾਣਗੇ ਰਸਤੇ
ਜਿਹੜੇ ਬੰਦ ਅਜੇ।

ਇੱਕ ਵਾਰੀ ਚੁੱਕ ਕਿਤਾਬ ਲਵਾਂ
ਫਿਰ ਮੁੜਕੇ ਨਾ ਹਾਰਾਂਗਾ
ਨਵੇਂ ਖੰਭ ਆਉਣ ਦੀ ਉਡੀਕ ਮੈਨੂੰ
ਮੈਂ ਇੱਕ ਹੋਰ ਉਡਾਰੀ ਮਾਰਾਂਗਾ।
ਮੈਂ ਇੱਕ ਹੋਰ ਉਡਾਰੀ ਮਾਰਾਂਗਾ।।
PREM DHARAMPURA

Prem Dharampura Shayri premdharampura
Prem Dharampura Shayri premdharampura

ਜਿੰਦਗੀ ਕਦੇ ਵੀ ਇੱਕੋ ਧਾਰਾ ਵਿੱਚ ਨਹੀਂ ਵਹਿੰਦੀ। ਤੇਜ ਹਵਾ ਵਿੱਚ ਪੈ ਮੀਂਹ ਦੇ ਵਾਂਗੂ ਇਕਦਮ ਜੋਰਦਾਰ ਛਰਾਟੇ ਵਾਂਗੂੰ ਕਦੇ ਤਾਂ ਇਸਦੀ ਧਾਰਾ ਤੇਜ ਹੋ ਜਾਂਦੀ ਹੈ ਤੇ ਕਦੇ ਸਰਦੀਆਂ ਵਿਚ ਪੈ ਰਹੇ ਕੋਹਰੇ ਦੇ ਵਾਂਗੂ ਬਿਲਕੁਲ ਹੌਲੀ ਹੌਲੀ ਚਲਦੀ ਹੈ। ਕਦੇ ਕਦੇ ਹੜ੍ਹ ਮਹੀਨੇ ਦੇ ਵਾਂਗੂ ਇਸਦੀ ਤਪਸ਼ ਇੰਨੀ ਤੇਜ਼ ਹੋ ਜਾਂਦੀ ਹੈ ਕਿ ਇਸਨੂੰ ਛੱਡ ਦੇਣ ਨੂੰ ਜੀਅ ਕਰਦਾ ਹੈ ਤੇ ਕਦੇ ਪੋਹ ਮਹੀਨੇ ਦੀਆਂ ਸਰਦੀਆਂ ਵਾਂਗੂ ਇੰਨੀ ਠੰਡੀ ਹੋ ਜਾਂਦੀ ਹੈ ਕਿ ਸਾਨੂੰ ਜਕੜ ਲੈਂਦੀ ਹੈ।
ਜਿੰਦਗੀ ਜਿੰਦਗੀ ਹੀ ਹੈ। ਇਹ ਪੌਣ ਦਾ ਬੁੱਲਾ ਹੀ ਹੈ, ਅੱਜ ਹੈ ਤੇ ਕੀ ਪਤਾ ਕਲ੍ਹ ਹੋਵੇ ਨਾ ਹੋਵੇ। ਜਦੋਂ ਇਹ ਬੁੱਲਾ ਹੈ ਤਾਂ ਕਿਉ ਨਾ ਸੁਪਨਿਆਂ ਦਾ ਪਤੰਗ ਇਸਦਾ ਸਹਾਰਾ ਲੈ ਕੇ ਪੂਰੇ ਅਰਸ਼ਾਂ ਤੇ ਉਡਾਇਆ ਜਾਵੇ ਤੇ ਹਰ ਕੋਈ ਸਿਰਫ ਤੇ ਸਿਰਫ ਸਾਨੂੰ ਹੀ ਦੇਖੇ। ਇਹ ਜਿੰਦਗੀ ਹੈ ਜਨਾਬ, ਇਸਦੇ ਵਿਚ ਉਤਰਾਅ ਚੜਾਅ ਆਉਂਦੇ ਹੀ ਰਹਿੰਦੇ ਹਨ। ਹੋ ਸਕਦਾ ਹੈ ਕਿ ਕਦੇ ਅਸੀ ਅਰਸ਼ ਤੇ ਉਡੀਏ ਤੇ ਕੀ ਪਤਾ ਹੈ ਕਿ ਕਦੋਂ ਫ਼ਰਸ਼ ਤੇ ਹੋਈਏ। ਬਹੁਤ ਸਾਰੀਆਂ ਉਦਾਹਰਨਾਂ ਇਸ ਤਰ੍ਹਾਂ ਦੀਆਂ ਦੇਖਣ ਨੂੰ ਮਿਲ ਜਾਂਦੀਆਂ ਹਨ ਜਿਨ੍ਹਾਂ ਵਿਚ ਇਹ ਉਤਰਾਅ ਚੜਾਅ ਆਮ ਤੌਰ ਤੇ ਦੇਖੇ ਜਾ ਸਕਦੇ ਹਨ।
ਅਰਸ਼ ਉੱਤੇ ਵੱਜੀ ਉਡਾਰੀ ਦਾ ਹਰ ਕੋਈ ਪਰਵਾਨਾ ਹੁੰਦਾ ਹੈ ਤੇ ਫ਼ਰਸ਼ ਵਾਲੇ ਕਿਸੇ ਕਿਸੇ ਨੂੰ ਹੀ ਪਿਆਰੇ ਲਗਦੇ ਹਨ। ਸਾਨੂੰ ਇਸ ਜਿੰਦਗੀ ਦੇ ਸਾਰੇ ਉਤਰਾਅ ਚੜਾਅਵਾਂ ਨੂੰ ਨਜ਼ਦੀਕ ਤੋਂ ਦੇਖਣਾ ਤੇ ਸਮਝਣਾ ਚਾਹੀਦਾ ਹੈ। ਸਾਨੂੰ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਜਿੰਦਗੀ ਦੀ ਪੌਣ ਦੇ ਵਹਿਣ ਨੂੰ ਆਪਣੇ ਅਨੁਸਾਰ ਢਾਲ ਸਕੀਏ ਤੇ ਜਿਧਰ ਚਾਹੀਏ ਓਧਰ ਹੀ ਮੋੜ ਸਕੀਏ।
ਜਰੂਰੀ ਨਹੀਂ ਹੁੰਦਾ ਕਿ ਸਾਨੂੰ ਪਹਿਲੀ ਪਰਵਾਜ਼ ਵਿਚ ਹੀ ਸਫਲਤਾ ਮਿਲ ਜਾਵੇ ਤੇ ਜਰੂਰੀ ਨਹੀਂ ਹੁੰਦਾ ਕਿ ਅਸੀਂ ਪਹਿਲਾ ਕਦਮ ਹੀ ਅਸਮਾਨ ਦੀ ਹਿੱਕ ਤੇ ਰੱਖ ਲਈਏ। ਸਾਨੂੰ ਆਪਣਾ ਇਹ ਸਫ਼ਰ ਪੌੜੀ ਦੇ ਪਹਿਲੇ ਟੰਬੇ ਤੋਂ ਹੀ ਸ਼ੁਰੂ ਕਰਨਾ ਪਵੇਗਾ ਫੇਰ ਹੀ ਅਸੀ ਇੱਕ ਇੱਕ ਕਦਮ ਨੂੰ ਅਗਲੇ ਟੰਬਿਆਂ ਉੱਤੇ ਰੱਖਦੇ ਹੋਏ ਅਸਮਾਨ ਦੀ ਹਿੱਕ ਉੱਤੇ ਆਪਣਾ ਕਦਮ ਰੱਖ ਸਕਾਂਗੇ। ਹੋ ਸਕਦਾ ਹੈ ਕਿ ਸਾਡੀ ਪੌੜੀ ਦੇ ਟੰਬੇ ਕਮਜੋਰ ਹੋਣ ਤੇ ਅਸੀਂ ਇਸ ਉੱਤੇ ਆਪਣਾ ਕਦਮ ਰੱਖਦੇ ਹੀ ਨੀਚੇ ਡਿੱਗ ਜਾਈਏ ਤੇ ਜਿੰਨਾ ਉੱਚਾ ਜਾ ਕੇ ਨੀਚੇ ਡਿੱਗਾਂਗੇ ਸਾਨੂੰ ਸੱਟ ਵੀ ਓਨੀ ਹੀ ਜਿਆਦਾ ਲਗੇਗੀ ਤੇ ਤਕਲੀਫ਼ ਵੀ ਓਨੀ ਜਿਆਦਾ ਹੋਵੇਗੀ। ਪਰ ਅਸੀ ਘਬਰਾਉਣਾ ਨਹੀਂ, ਤੇ ਨਾ ਹੀ ਆਪਣਾ ਹੌਂਸਲਾ ਛੱਡਣਾ। ਡਿੱਗਣ ਨਾਲ ਬਣੇ ਜਖਮਾਂ ਉੱਤੇ ਹੌਂਸਲੇ ਦੀ ਮੱਲ੍ਹਮ ਲਗਾਉਦੇ ਰਹਿਣਾ ਹੈ ਜਦੋਂ ਤੱਕ ਕਿ ਇਹ ਵਕਤ ਦੇ ਜਖ਼ਮ ਭਰ ਸਕਣ ਤੇ ਅਸੀਂ ਮੁੜ ਤੋਂ ਆਪਣੀ ਯਾਤਰਾ ਸ਼ੁਰੂ ਕਰ ਸਕੀਏ।
ਬੇਸ਼ੱਕ ਅੱਜ ਅਸੀਂ ਇਕ ਜਖਮੀ ਜਿਹੀ ਹਾਲਤ ਵਿੱਚ ਜ਼ਮੀਨ ਉੱਤੇ ਡਿੱਗ ਗਏ ਹਾ ਤਾਂ ਕੋਈ ਗੱਲ ਨਹੀਂ, ਸਾਨੂੰ ਤਜੁਰਬਾ ਤਾਂ ਮਿਲਿਆ ਜਿਸਦੀ ਕਿ ਕੋਈ ਕੀਮਤ ਹੀ ਨਹੀਂ। ਬਸ ਕੁਝ ਸਮੇਂ ਦੀ ਹੀ ਉਡੀਕ ਹੈ ਕਿ ਮੈ ਆਪਣੇ ਜਜ਼ਬੇ ਨੂੰ ਖੰਭ ਬਣਾ ਕੇ ਇਕ ਦਿਨ ਫੇਰ ਉਸ ਰੰਗੀਨ ਜਿਹੇ ਅਰਸ਼ ਉੱਤੇ ਉੱਡਣਾ ਹੈ। 
ਅਜੇ ਮੇਰੇ ਕੋਲ ਹੁਨਰਾਂ ਦੀ ਕਮੀ ਹੋਵੇਗੀ ਸ਼ਾਇਦ, ਕੀ ਪਤਾ ਕਿ ਮੇਰੇ ਬੋਝੇ ਵਿਚ ਅੱਜ ਓਨੇ ਹੁਨਰ ਹੀ ਨਾ ਹੋਣ ਕਿ ਮੈ ਪਹਿਲੀ ਵਾਰ ਵਿਚ ਹੀ ਸਫਲ ਹੋ ਜਾਂਦਾ। ਅਜੇ ਤਾਂ ਹਾਰਾਂ ਦਾ ਮਿੱਠਾ ਜਿਹਾ ਜ਼ਹਿਰ ਵੀ ਤਾਂ ਪੀ ਕੇ ਦੇਖਣਾ ਸੀ, ਨਹੀਂ ਤਾਂ ਕਿੱਥੋਂ ਉਪਜਦੇ ਇੰਨੇ ਤਜੁਰਬੇ। ਬਸ ਹੁਣ ਮੈ ਹੁਨਰਾਂ ਨੂੰ ਇਕਠੇ ਕਰਨ ਤੇ ਲੱਗਾ ਹਾਂ ਤੇ ਬਸ ਹੌਂਸਲੇ ਨੂੰ ਹੋਰ ਤਿੱਖਾ ਕਰ ਰਿਹਾ ਹਾਂ। ਅਜੇ ਤਾਂ ਲੇਖਾਂ ਦੇ ਨਾਲ ਵੀ ਤਾਂ ਜੰਗ ਚਲਦੀ ਪਈ ਹੈ, ਉਹ ਕਿਹੜਾ ਇੰਨੀ ਸੌਖੀ ਹੈ ਕਿ ਮੈ ਜਲਦੀ ਜਿੱਤ ਲੈਂਦਾ ਤੇ ਓਹ ਕਿੱਥੇ ਮੈਨੂੰ ਪਹਿਲੀ ਵਾਰ ਵਿਚ ਹੀ ਸਫਲ ਹੋਣ ਦੇ ਦਿੰਦੀ। ਪਹਿਲਾਂ ਮੈਂ ਲੇਖਾਂ ਤੋਂ ਜਿੱਤ ਲਵਾਂ ਫਿਰ ਮੈਨੂੰ ਹਾਰਨ ਦਾ ਕੋਈ ਡਰ ਨਹੀਂ ਤੇ ਜਿੱਤ ਸਿੱਧੀ ਹੀ ਹੈ ਤੇ ਜਿੱਤਣ ਦੇ ਸਾਰੇ ਹੀ ਰਸਤੇ ਖੁਲ ਜਾਣਗੇ।
ਬਸ ਮੈਨੂੰ ਆਪਣੇ ਨਾਲ ਆਪਣੀਆਂ ਕਿਤਾਬਾਂ (ਜਿਨਾ ਤੋਂ ਜਿੰਦਗੀ ਦੀ ਜਾਂਚ ਸਿੱਖਣੀ ਹੈ, ਅਸਲ ਸਾਥੀ) ਚੁੱਕ ਲਵਾਂ। ਮੈਂ ਫਿਰ ਮੁੜ ਕੇ ਕਦੇ ਵੀ ਨਹੀਂ ਹਾਰਾਂਗਾ। ਮੈਨੂੰ ਆਪਣੀ ਜਾਂਚ ਸਿੱਖਣ ਲਈ ਕਿਤਾਬਾਂ ਨੂੰ ਜਰੂਰ ਨਾਲ ਰੱਖ ਲੈਣਦੇ। ਸਭ ਕੁਝ ਮੈ ਹੁਣ ਸਿੱਖ ਲਿਆ ਹੈ ਤੇ ਹੁਣ ਤਾਂ ਬੱਸ ਮੈਨੂੰ ਨਵੇਂ ਖੰਭ ਆਉਣ ਦੀ ਉਡੀਕ ਹੈ ਕਿ ਮੈ ਇੱਕ ਹੋਰ ਉਡਾਰੀ ਮਾਰਾਂਗਾ। ਬਸ ਉਡਾਰੀ ਮਾਰਨ ਲਈ ਤਿਆਰ ਹੀ ਹਾਂ।
ਧੰਨਵਾਦ

Post a Comment

0 Comments
* Please Don't Spam Here. All the Comments are Reviewed by Admin.

Search