ਯਾਦਾਂ
ਬੀਤਿਆਂ ਦੇ ਗਲ ਲੱਗ
ਰੋਇਆ ਕਈ ਵਾਰ ਮੈਂ
ਯਾਦਾਂ ਨੂੰ ਸਿਰਾਣੇ ਰੱਖ
ਸੌਇਆ ਕਈ ਵਾਰ ਮੈਂ
ਔਹ ਵੀ ਤਾਂ ਦਿਲਾ
ਕਦੇ ਵਕਤ-ਬਹਾਰ ਸੀ
ਹੱਸ ਕੇ ਬੁਲਾਉਂਦੇ
ਜਦੋਂ ਚਾਰੇ ਪਾਸੇ ਯਾਰ ਸੀ
ਇੱਕ ਇੱਕ ਕਰ ਹੁਣ
ਸਾਰੇ ਛੱਡ ਗਏ ਨੇ
ਸੰਘਣੀ ਯਾਰੀ ਦਾ ਰੁੱਖ
ਜੜੋਂ ਵੱਢ ਗਏ ਨੇ।
ਕਰਦੇ ਤਰੀਫਾਂ ਕਦੇ
ਥੱਕਦੇ ਨਾ ਯਾਰ ਸੀ
ਤਾਹੀ ਰੁੱਤ ਦਿਲਾ
ਉਹ ਲੱਗਦੀ ਬਹਾਰ ਸੀ
ਭੰਡੀਆਂ ਹੀ ਸੁਣਾਂ ਹੁਣ
ਚਾਰੇ ਪਾਸੇ ਹੁੰਦੀਆਂ
ਪਿਆਰ ਜਗਾਂ ਤੇ ਕਾਹਤੋਂ
ਆ ਗਈਆਂ ਖੁੰਹਦੀਆਂ।।
PREM DHARAMPURA
ਇਹ ਦੋਸਤੀ ਨਾਮ ਦਾ ਗਹਿਣਾ ਸਾਡੇ ਲਈ ਉਸ ਕੁਦਰਤ ਦੀ ਹੀ ਦੇਣ ਹੈ ਪਰ ਇਸ ਨੂੰ ਸੰਭਾਲ ਕੇ ਰੱਖਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਇਹ ਗਹਿਣਾ ਜੇਕਰ ਸ਼ਿਕਾਇਤਾਂ ਜਾਂ ਸਵਾਰਥ ਨਾਮ ਦੀ ਧਾਤ ਨਾਲ ਘਸ ਜਾਵੇ ਤਾਂ ਇਸਦੀ ਚਮਕ ਫਿੱਕੀ ਪੈਣ ਲੱਗ ਜਾਂਦੀ ਤੇ ਇਸਦੀ ਰੰਗਤ ਪਹਿਲਾਂ ਵਰਗੀ ਨਹੀਂ ਰਹਿੰਦੀ।
ਅੱਜ ਜਿਹੜਾ ਸਮਾਂ ਵੀ ਅਸੀ ਜਿਉ ਰਹੇ ਹਾਂ ਇਹ ਸਭ ਸਾਡੇ ਬੀਤੇ ਹੋਏ ਦਾ ਹੀ ਨਤੀਜਾ ਹੁੰਦਾ ਹੈ। ਜੇਕਰ ਅੱਜ ਅਸੀਂ ਖੁਸ਼ ਹਾਂ, ਸਿਹਤਮੰਦ ਹਾਂ ਤੇ ਆਬਾਦ ਹਾ ਤਾਂ ਇਹ ਸਭ ਸਾਡੇ ਚੰਗੇ ਬੀਤੇ ਸਮੇਂ ਦੀ ਹੀ ਨਿਸ਼ਾਨੀ ਹੈ।
ਪਰ ਕਦੇ ਕਦੇ ਇੰਝ ਹੁੰਦਾ ਹੈ ਕਿ ਅਸੀਂ ਕੋਈ ਗਲਤੀ ਵੀ ਨਹੀਂ ਕੀਤੀ ਹੁੰਦੀ ਤੇ ਤੇ ਵਰਤਮਾਨ ਚ ਅਸੀ ਬਹੁਤ ਉਦਾਸ ਹੁੰਦੇ ਹਾਂ, ਅਸੀ ਕਿਸੇ ਦੀ ਰਾਹ ਤੱਕਦੇ ਰਹਿੰਦੇ ਹਾਂ ਜਾਂ ਫਿਰ ਕੁਝ ਚਾਹਤਾਂ ਸਾਡੇ ਦਿਲ ਵਿਚ ਹੁੰਦੀਆਂ ਨੇ ਜੋ ਸਾਨੂੰ ਵਰਤਮਾਨ ਵਿਚ ਘੇਰੀ ਰੱਖਦੀਆਂ ਨੇ ਤੇ ਅਸੀ ਓਹਨਾ ਵਿਚ ਡੁੱਬੇ ਰਹਿੰਦੇ ਹਾਂ। ਅਜਿਹਾ ਇਸ ਕਰਕੇ ਹੁੰਦਾ ਹੈ ਕਿ ਅਸੀਂ ਕਿਸੇ ਦੀ ਚਾਹਤ ਵਿਚ ਹੁੰਦੇ ਹਾਂ ਮਤਲਬ ਅਸੀ ਇਸਦੇ ਵਿਚ ਦੋਸ਼ੀ ਨਹੀਂ ਹੁੰਦੇ । ਇਹ ਸੁਭਾਵਿਕ ਹੀ ਹੁੰਦਾ ਹੈ ਤੇ ਸਮੇਂ ਦੀ ਹੇਰ ਫੇਰ ਜਾਂ ਸਮੇਂ ਦੀ ਹੀ ਇਕ ਫਿਤਰਤ ਹੈ। ਸਮਾਂ ਨਿਰੰਤਰ ਚਲਦਾ ਰਹਿੰਦਾ ਹੈ। ਇਹ ਕਦੇ ਵੀ ਰੁਕਦਾ ਨਹੀਂ, ਇਸ ਨੇ ਲੰਘ ਹੀ ਜਾਣਾ ਹੈ, ਇਸਨੇ ਸਾਨੂੰ ਵਿਛੋੜ ਹੀ ਦੇਣਾ ਹੈ ਇਕ ਦੂਜੇ ਦੇ ਨਾਲੋਂ।
ਸਮੇਂ ਦੇ ਬੀਤਣ ਨਾਲ ਜਦੋਂ ਅਸੀਂ ਸਾਡੇ ਆਪਣਿਆ ਨਾਲੋ ਵੱਖ ਹੋ ਜਾਂਦੇ ਹਾਂ ਜਾਂ ਕਿਸੇ ਵੀ ਕਾਰਨ ਕਰਕੇ ਸਾਨੂੰ ਅਲੱਗ ਰਾਸਤਾ ਚੁਣ ਲੈਣਾ ਪੈਂਦਾ ਹੈ ਤਾਂ ਅਸੀ ਵਿਛੜੇ ਹੋਏ ਸਾਥੀਆਂ ਨੂੰ ਬਹੁਤ ਯਾਦ ਕਰਦੇ ਹਾਂ। ਇਹ ਸਭ ਸਾਡੇ ਆਪਸੀ ਲਗਾਵ ਕਰਕੇ ਹੀ ਹੁੰਦਾ ਹੈ ਕਿ ਬੰਦਾ ਬੀਤਿਆਂ ਦੇ ਗੱਲ ਲੱਗ ਕੇ ਰੋਂਦਾ ਹੈ ਤੇ ਹਰ ਸਮੇੰ ਹੀ ਆਪਣੀਆਂ ਪੁਰਾਣੀਆਂ ਯਾਦ ਨੂੰ ਸੰਭਾਲ ਕੇ ਰੱਖਦਾ ਹੈ ਜਾਂ ਕਹਿ ਸਕਦੇ ਹਾਂ ਕਿ ਯਾਦਾਂ ਨੂੰ ਸਿਰਹਾਣੇ ਰੱਖ ਕੇ ਹੀ ਸੌਂਦਾ ਹੈ। ਯਾਦਾਂ ਦਾ ਝੰਬਿਆ ਹੋਇਆ ਮਨੁੱਖ ਹਮੇਸ਼ਾ ਹੀ ਸਹਿਕਦਾ ਰਹਿੰਦਾ ਹੈ।
ਬੰਦਾ ਆਪਣੇ ਬੀਤੇ ਹੋਏ ਸਮੇਂ ਨੂੰ ਯਾਦ ਕਰਦਾ ਹੀ ਰਹਿੰਦਾ ਹੈ ਹਰ ਪਲ ਯਾਦ ਕਰਦਾ ਰਹਿੰਦਾ ਹੈ ਓਹਨਾ ਬਹਾਰਾਂ ਵਰਗੇ ਸਮਿਆਂ ਨੂੰ ਜਿੰਨਾਂ ਬਹਾਰਾਂ ਵਿਚ ਕਦੇ ਸਭ ਦਾ ਚਿਹਰਾ ਫੁੱਲਾਂ ਵਾਂਗੂੰ ਟਹਿਕਦਾ ਰਹਿੰਦਾ ਸੀ। ਬੰਦਾ ਯਾਦ ਕਰਦਾ ਹੈ ਓਹਨਾ ਬਹਾਰਾਂ ਨੂੰ ਜੋ ਅਸੀ ਸਾਡੇ ਆਪਣਿਆਂ ਨਾਲ ਮਾਣੀਆਂ ਹੁੰਦੀਆਂ ਹਨ। ਅਸੀਂ ਯਾਦ ਕਰਦੇ ਨਹੀਂ ਥੱਕਦੇ, ਇੱਕ ਗੱਲ ਦਾ ਸਿਰਾ ਕਿਸੇ ਦੂਜੀ ਗੱਲ ਨਾਲ ਜੋੜ ਕੇ ਪਤਾ ਨਹੀਂ ਕਿੰਨੀ ਦੂਰ ਤੱਕ ਸੋਚਦੇ ਸੋਚਦੇ ਚਲੇ ਜਾਂਦੇ ਹਾਂ ਤੇ ਪਤਾ ਵੀ ਨਹੀਂ ਲਗਦਾ ਕਿ ਗੱਲ ਕਿੱਥੋਂ ਸ਼ੁਰੂ ਹੋਈ ਸੀ ਤੇ ਇਸ ਗੱਲ ਨਾਲ ਕਿਵੇਂ ਜੁੜ ਗਈ।
ਯਾਰਾਂ ਨਾਲ ਬਿਤਾਏ ਹੋਏ ਪਲ ਕੁਝ ਇਸ ਕਰਕੇ ਵੀ ਨਹੀਂ ਭੁੱਲਦੇ ਕਿਉਂਕਿ ਓਹਨਾ ਦੇ ਮੂੰਹੋ ਅਸੀ ਆਪਣੀਆਂ ਬਹੁਤ ਜਿਆਦਾ ਤਾਰੀਫ਼ਾਂ ਹੀ ਸੁਣੀਆਂ ਹੁੰਦੀਆਂ ਹਨ ਤੇ ਜਦੋਂ ਅਸੀਂ ਓਹਨਾਂ ਤਰੀਫ਼ਾਂ ਦੇ ਯੁੱਗ ਚੋ ਬਾਹਰ ਨਿੱਕਲ ਕੇ ਅਸਲੀ ਤੇ ਰੁੱਖੀ ਦੁਨੀਆਂ ਦਾ ਸਾਹਮਣਾ ਕਰਦੇ ਹਾਂ ਤਾਂ ਉਹ ਕੁਝ ਸਾਨੂੰ ਇਸ ਦੁਨੀਆਂ ਵਿੱਚ ਦੇਖਣ ਨੂੰ ਨਹੀਂ ਮਿਲਦਾ ਤਾਂ ਅਸੀਂ ਨਿਰਾਸ਼ਾ ਦਾ ਪੱਲਾ ਫੜ ਲੈਂਦੇ ਹਾਂ, ਅਸੀ ਸਾਹਮਣਾ ਨਹੀਂ ਕਰ ਸਕਦੇ ਇਸ ਰੁੱਖੇ ਸੁਭਾਅ ਵਾਲੀ ਦੁਨੀਆ ਦਾ। ਇਹ ਸਭ ਓਸ ਤਰਾਂ ਹੀ ਹੁੰਦਾ ਹੈ ਜਿਵੇਂ ਕਿ ਗਰਮੀਆਂ ਦੇ ਮੌਸਮ ਵਿਚ ਅਸੀ ਠੰਡੇ ਕਮਰੇ ਵਿੱਚੋਂ ਬਾਹਰ ਧੁੱਪ ਵਿੱਚ ਨਿੱਕਲ ਕੇ ਆਉਂਦੇ ਹਾਂ ਤਾਂ ਇਹ ਧੁੱਪ ਤੇ ਗਰਮੀ ਸਾਨੂੰ ਸਖਾਉਂਦੀ ਨਹੀਂ। ਇਸ ਧੁੱਪ ਦਾ ਪ੍ਰਕੋਪ ਨਾ ਝਲਦੇ ਅਸੀ ਉਸ ਠੰਡੇ ਕਮਰੇ ਨੂੰ ਯਾਦ ਕਰਾਂਗੇ ਤੇ ਓਥੇ ਹੀ ਦੁਬਾਰਾ ਜਾਣਾ ਚਾਹਾਂਗੇ। ਦੁਨੀਆ ਦੀ ਤਪਸ਼ ਨੂੰ ਨਾ ਝਲਦਿਆਂ ਵੀ ਅਸੀ ਮੁੜ ਤੋਂ ਆਪਣੇ ਯਾਰਾਂ ਕੋਲ ਵਾਪਿਸ ਜਾਣਾ ਲੋਚਦੇ ਹਾਂ ਤੇ ਬਾਕੀ ਓਹਨਾ ਦੇ ਲਈ ਸਾਡੇ ਦਿਲ ਵਿਚ ਪਿਆਰ ਤਾਂ ਹੁੰਦਾ ਹੀ ਹੈ ਜੋ ਕਿ ਸਾਨੂੰ ਓਹਨਾ ਦੇ ਵੱਲ ਖਿੱਚਦਾ ਹੀ ਰਹਿੰਦਾ ਹੈ। ਯਾਰਾਂ ਦੋਸਤਾਂ ਦਾ ਪਿਆਰ ਰੁੱਖਾਂ ਦੀਆਂ ਠੰਡੀਆਂ ਛਾਵਾਂ ਵਰਗਾ ਹੀ ਹੁੰਦਾ ਹੈ ਜੋ ਕਿ ਸਾਨੂੰ ਧੁੱਪਾਂ ਦੇ ਸਮੇਂ ਹੀ ਨਹੀਂ ਸਗੋਂ ਹਰ ਪਲ ਯਾਦ ਰਹਿੰਦਾ ਹੈ ਤੇ ਇਹਨਾ ਰੁੱਖਾਂ ਦੀ ਹਰਿਆਈ ਸਾਡੀ ਸਿਹਤਯਾਬੀ ਦੀਆਂ ਦੁਆਵਾਂ ਵੀ ਤਾਂ ਕਰਦੀ ਹੈ। ਪਰ ਹੁੰਦਾ ਇਸ ਤਰਾਂ ਹੈ ਕਿ ਕੋਈ ਨਾ ਕੋਈ ਸਮੇਂ ਦੀ ਪਤਝੜ ਇਸ ਤਰਾਂ ਦੀ ਆਉਂਦੀ ਹੈ ਜੋ ਕਿ ਸਾਨੂੰ ਓਹਨਾ ਨਾਲੋ ਜੁਦਾ ਕਰ ਦਿੰਦੀ ਹੈ ਤੇ ਅਸੀ ਹਰ ਪਲ ਆਉਣ ਵਾਲੀ ਬਹਾਰ ਦੀ ਰੁੱਤ ਨੂੰ ਉਡੀਕਦੇ ਹੀ ਰਹਿੰਦੇ ਹਾਂ।
ਧੰਨਵਾਦ